Home / PUNJAB / ਕਰੋਨਾ ਯੋਧਾ ਵਜੋਂ ਉਭਰੇ ਕੁਲਦੀਪ ਅਤੇ ਬੇਅੰਤ ਸਿੰਘ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਪਹਿਲ ਕਰਦੇ ਹੋਏ ਪਲਾਜ਼ਮਾ ਕੀਤਾ ਦਾਨ

ਕਰੋਨਾ ਯੋਧਾ ਵਜੋਂ ਉਭਰੇ ਕੁਲਦੀਪ ਅਤੇ ਬੇਅੰਤ ਸਿੰਘ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਪਹਿਲ ਕਰਦੇ ਹੋਏ ਪਲਾਜ਼ਮਾ ਕੀਤਾ ਦਾਨ

ਬਰਨਾਲਾ, 29 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹੇ ਬਰਨਾਲਾ ਦੇ ਪਿੰਡ ਕੋਟਦੁੱਨਾ ਦੇ ਕਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਦੋ ਵਿਅਕਤੀ ਪਲਾਜ਼ਮਾ ਦਾਨ ਕਰ ਕੇ ਕਰੋਨਾ ਯੋਧਿਆਂ ਵਜੋਂ ਉਭਰੇ ਹਨ। ਕੋਟਦੁੱਨਾ ਦੇ ਕੁਲਦੀਪ ਸਿੰਘ ਅਤੇ ਬੇਅੰਤ ਸਿੰਘ ਨੇ ਕੋਵਿਡ 19 ਮਰੀਜ਼ਾਂ ਦੇ ਇਲਾਜ ਲਈ ਆਪਣਾ ਪਲਾਜ਼ਮਾ ਦਾਨ ਕੀਤਾ ਹੈ। ਇਨ੍ਹਾਂ ਦੋਵਾਂ ਕਰੋਨਾ ਯੋਧਿਆਂ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਇਹ ਦੋਵੇਂ ਵਿਅਕਤੀ ਹੋਰਾਂ ਲਈ ਮਿਸਾਲ ਹਨ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਅਤੇ ਬੇਅੰਤ ਸਿੰਘ ਪਿੰਡ ਕੋਟ ਦੁੱਨਾ ਦੇ ਵਾਸੀ ਹਨ। ਇਹ ਦੋਵੇਂ ਧਾਰਮਿਕ ਯਾਤਰਾ ਤੋਂ ਪੰਜਾਬ ਪਰਤੇ ਸਨ ਅਤੇ ਇਨ੍ਹਾਂ ਦਾ ਟੈਸਟ ਹੋਣ ’ਤੇ ਦੋਵੇਂ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ ਦੋਵਾਂ ਨੌਜਵਾਨਾਂ ਨੇ ਮਜ਼ਬੂਤ ਇੱਛਾ ਸ਼ਕਤੀ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿੱਥੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ, ਉਥੇ ਇਹ ਦੋਵੇਂ ਪਲਾਜ਼ਮਾ ਦਾਨੀ ਵਜੋਂ ਉਭਰੇ ਹਨ। ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਨੇ ਮਿਸਾਲ ਕਾਇਮ ਕਰਦੇ ਹੋਏ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚ ਕਰ ਕੇ ਆਪਣਾ ਪਲਾਜ਼ਮਾ ਦਾਨ ਕੀਤਾ ਹੈ, ਜਿਸ ’ਤੇ ਸਿਹਤ ਵਿਭਾਗ ਵੱਲੋਂ ਦੋਵਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮਗਰੋਂ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ’ਚੋਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਪਵਨ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਵੱਲੋਂ ਪਿੰਡ ਕੋਟਦੁੱਨਾ ਦਾ ਦੌਰਾ ਕੀਤਾ ਗਿਆ ਅਤੇ ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਬਰਨਾਲਾ ਵਿਖੇ ਸੇਵਾਵਾਂ ਨਿਭਾਅ ਰਹੇ ਮੈਡੀਕਲ ਅਫਸਰ ਡਾ. ਮਨਪ੍ਰੀਤ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਆਪਣਾ ਪਲਾਜ਼ਮਾ ਦਾਨ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ, ਉਹ ਆਮ ਵਾਂਗ ਆਪਣਾ ਖੇਤੀਬਾੜੀ ਕਿੱਤਾ ਤੇ ਹੋਰ ਕੰਮ ਕਰਦੇ ਹਨ ਅਤੇ ਵਧੀਆ ਜ਼ਿੰਦਗੀ ਜੀਅ ਰਹੇ ਹਨ।
ਇਸ ਮੌਕੇ ਉਨ੍ਹਾਂ ਕਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਹੋਰ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਕਰੋਨਾ ਨੂੰ ਮਾਤ ਦੇਣ ਵਾਲੇ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ। ਉਨ੍ਹਾਂ ਆਖਿਆ ਕਿ ਪਲਾਜ਼ਮਾ ਦਾਨ ਕਰਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

About Rekesh Goyal

Check Also

ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਮਾਈਕਰੋ ਤੇ ਸੀਮਤ ਜ਼ੋਨਾਂ ਅੰਦਰ 100 ਫੀਸਦੀ ਟੈਸਟਿੰਗ ਦੇ ਨਿਰਦੇਸ਼

ਚੰਡੀਗੜ, 13 ਅਗਸਤ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ …