Home / extra / ਕੋਵਾ ਮੋਬਾਈਲ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਦਾ ਵੀ ਪਤਾ ਲੱਗ ਸਕੇਗਾ: ਵਿਨੀ ਮਹਾਜਨ

ਕੋਵਾ ਮੋਬਾਈਲ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਦਾ ਵੀ ਪਤਾ ਲੱਗ ਸਕੇਗਾ: ਵਿਨੀ ਮਹਾਜਨ

ਚੰਡੀਗੜ੍ਹ, 13 ਅਗਸਤ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬਵਾਸੀ ਬਹੁਤ ਜਲਦ ਕੋਵਾ ਐਪ ਰਾਹੀਂ ਪੂਰੇ ਸੂਬੇ ਵਿਚ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਉਪਲੱਬਧ ਬੈੱਡਾਂ ਦੀ ਗਿਣਤੀ ਦਾ ਪਤਾ ਲਗਾ ਸਕਣਗੇ। ਕਿਸ ਹਸਪਤਾਲ ਵਿਚ ਕਰੋਨਾ ਦੇ ਇਲਾਜ ਲਈ ਕਿੰਨੇ ਬੈੱਡ ਹਨ, ਇਸ ਬਾਰੇ ਕੋਵਾ ਐਪ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਨੇ ਕਰੋਨਾ ‘ਤੇ ਜਿੱਤ ਹਾਸਲ ਕਰ ਲਈ ਹੈ ਉਹ ਦੂਜਿਆਂ ਦੀ ਮਦਦ ਕਰਨ ਦੇ ਮਕਸਦ ਨਾਲ ਪਲਾਜ਼ਮਾ ਦਾਨ ਕਰਨ ਲਈ ਆਪਣੀ ਸਵੈਇੱਛਾ ਕੋਵਾ ਐਪ ਰਾਹੀਂ ਜਤਾ ਸਕਣਗੇ।

ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕੋਵਾ ਐਪ ਕੋਵਿਡ-19 ਦੌਰਾਨ ਪੰਜਾਬਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਾ ਉਤੇ ਹੁਣ ਤੱਕ ਕੁੱਲ 50 ਲੱਖ ਰਜਿਸਟਰੇਸ਼ਨ ਹੋਈ, ਜੋ ਰੋਜ਼ਾਨਾ ਵਧ ਰਹੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਇਹ ਐਪਲੀਕੇਸ਼ਨ ਸਮੇਂ ਦੇ ਨਾਲ ਵਿਕਸਤ ਹੁੰਦੀ ਰਹੀ ਹੈ ਅਤੇ ਰਾਜ ਵਿੱਚ ਕਰਫਿਊ ਦੇ ਸਮੇਂ ਅਤੇ ਦੇਸ਼ ਭਰ ਵਿੱਚ ਤਾਲਾਬੰਦੀ ਦੌਰਾਨ, ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੀ ਤਕਨੀਕੀ ਟੀਮ ਸਖ਼ਤ ਮਿਹਨਤ ਕਰਦੀ ਰਹੀ ਹੈ ਅਤੇ ਉਸੇ ਸਮੇਂ ਲੋੜੀਂਦੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਦੀ ਰਹੀ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਆਨਲਾਈਨ ਓਪੀਡੀ ਲਈ ਇਸਨੂੰ ਈ-ਸੰਜੀਵਨੀ ਨਾਲ ਜੋੜਿਆ ਗਿਆ ਹੈ ਅਤੇ ਹੁਣ ਤੱਕ 1300 ਤੋਂ ਵੱਧ ਸਲਾਹ-ਮਸ਼ਵਰੇ ਕੀਤੇ ਜਾ ਚੁੱਕੇ ਹਨ। ਕੋਵਾ ਐਪ ਵਿੱਚ ਪ੍ਰਵਾਸੀ ਮਜ਼ਦੂਰਾਂ ਵਾਸਤੇ ਖਾਣੇ, ਆਪਣੇ ਪਿੱਤਰੀ ਰਾਜ ਜਾਣ ਲਈ ਰਜਿਸਟਰ ਕਰਨ ਅਤੇ ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣ ਲਈ ਵੀ ਵਿਕਲਪ ਹਨ।

ਨਾਗਰਿਕਾਂ ਨਾਲ ਉਨਾਂ ਦੇ ਖੇਤਰ ਵਿੱਚ ਕਰਿਆਨੇ/ਜ਼ਰੂਰੀ ਵਸਤਾਂ ਪ੍ਰਦਾਨ ਕਰਨ ਵਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹ ਕਰਿਆਨੇ ਦਾ ਸਾਮਾਨ ਆਨਲਾਈਨ ਵੀ ਬੁੱਕ ਕਰਨ ਸਕਦੇ ਹਨ। ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਕਰਫਿਊ ਦੇ ਸਮੇਂ ਦੌਰਾਨ ਆਨ ਲਾਈਨ ਕਰਫਿਊ ਪਾਸ ਜਨਰੇਟ ਕਰਨ ਦਾ ਵਿਕਲਪ ਕੋਵਾ ਐਪ ਵਿੱਚ ਸ਼ਾਮਲ ਕੀਤਾ ਗਿਆ ਸੀ ਜੋ ਕਿ ਸਬੰਧਤ ਨੋਡਲ ਅਧਿਕਾਰੀਆਂ ਤੋਂ ਅਧਾਰਤ ਮਨਜ਼ੂਰੀ ਸੀ। ਇਸ ਵਿਕਲਪ ਨੂੰ ਹੁਣ ਪੰਜਾਬ ਰਾਜ ਵਿੱਚ ਦਾਖਲ ਹੋਣ ਲਈ ਸਵੈ-ਰਜਿਸਟ੍ਰੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਯਾਤਰੀ ਦੇ ਕੁਆਰੰਟੀਨ ਪ੍ਰੋਟੋਕੋਲ ਦੀ ਨਿਗਰਾਨੀ ਕੀਤੀ ਜਾ ਸਕੇ।

ਉਨਾਂ ਅੱਗੇ ਦੱਸਿਆ ਕਿ ਨਾਗਰਿਕ ਐਪ ਦੀ ਵਰਤੋਂ ਕਰਦੇ ਹੋਏ ਆਪਣੇ ਨਜ਼ਦੀਕੀ ਮਰੀਜ਼ / ਸ਼ੱਕੀ ਮਰੀਜ਼/ ਹੌਟਸਪੌਟ ਦੀ ਜਾਂਚ ਕਰ ਸਕਦੇ ਹਨ। ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਪ੍ਰੋਗਰਮ ਮਿਸ਼ਨ ਫ਼ਤਿਹ ਲਈ 7 ਲੱਖ ਰਜਿਸਟ੍ਰੇਸ਼ਨਾਂ ਹੋਈਆਂ ਹਨ ਜਿਸਦੀ ਗਿਣਤੀ ਵਧ ਰਹੀ ਹੈ।ਲੋਕ ਇਸ ਮੁਹਿੰਮ ਦੀਆਂ ਤਿੰਨ ਸਲਾਹਾਂ ਭਾਵ ਸਮਾਜਿਕ ਦੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਅਤੇ ਮਾਸਕ ਪਹਿਨ ਕੇ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ। ਇਨਾਂ ਨਿਰਦੇਸ਼ਾਂ ਦੀ ਪਾਲਣਾ ਕਰਕੇ ਪੰਜਾਬ ਵਿੱਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਦੂਜੇ ਰਾਜਾਂ ਨਾਲੋਂ ਬਹੁਤ ਘੱਟ ਹੈ।

ਸ਼੍ਰੀਮਤੀ ਮਹਾਜਨ ਨੇ ਅੱਗੇ ਕਿਹਾ ਕਿ ਨਾਗਰਿਕ ਆਪਣੇ ਮੋਬਾਈਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕਰਕੇ ਬਲਿਊਟੁੱਥ ਸਵਿੱਚ-ਆਨ ਰੱਖਣ। ਜੇ ਨਾਗਰਿਕ ਕੋਵਿਡ ਦੇ ਕਿਸੇ ਵੀ ਸ਼ੱਕੀ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਐਪ ਨਾਗਰਿਕ ਨੂੰ ਸੂਚਿਤ ਕਰੇਗੀ। ਇਹ ਸੇਵਾ ਬਹੁਤ ਲਾਹੇਵੰਦ ਸਾਬਤ ਹੋਈ ਹੈ। ਇਸਦੇ ਨਾਲ ਹੀ ਨਾਗਰਿਕ ਐਪ ਤੋਂ ਉਨਾਂ ਦੀ ਸਿਹਤ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ ਅਤੇ ਐਪ ਉਨਾਂ ਨੂੰ ਸੁਝਾਅ ਦੇਵੇਗੀ ਕਿ ਉਹ ਸਿਹਤਮੰਦ ਹਨ ਜਾਂ ਉਨਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੈ। ਇਹ ਤੁਹਾਡੇ ਨੇੜੇ ਦੇ ਕੋਵਿਡ -19 ਟੈਸਟ ਸੈਂਟਰਾਂ ਦੀ ਜਾਣਕਾਰੀ ਵੀ ਦੇਵੇਗੀ। ਕੋਵਾ ਪਲੇਟਫਾਰਮ ਨੂੰ ਆਈਸੀਐਮਆਰ ਪਲੇਟਫਾਰਮ ਨਾਲ ਜੋੜਿਆ ਗਿਆ ਹੈ ਜੋ ਕਿ ਸੂਬੇ ਵਿੱਚ ਆਪਣਾ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਨੂੰ ਰੋਜ਼ਾਨਾ ਆਧਾਰ ’ਤੇ ਟੈਸਟ ਰਿਪੋਰਟ (ਨੈਗੇਟਿਵ ਜਾਂ ਪਾਜ਼ੇਟਿਵ) ਭੇਜਣ ਵਿੱਚ ਸਹਾਇਤਾ ਕਰਦਾ ਹੈ।

ਨਾਗਰਿਕ ਇਸ ਐਪ ਦੀ ਵਰਤੋਂ ਆਪਣੇ ਇਲਾਕੇ ਵਿੱਚ ਕਿਸੇ ਵਿਸ਼ਾਲ ਇਕੱਠ, ਅੰਤਰ-ਰਾਜ ਯਾਤਰੀ ਦੀ ਸੂਚਨਾ ਦੇਣ, ਸੇਵਾ ਕੇਂਦਰਾਂ ਵਿਖੇ ਜਾਣ ਤੋਂ ਸਮਾਂ ਲੈਣ, ਅਤੇ ਮਿਸ਼ਨ ਫਤਿਹ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕਰ ਸਕਦੇ ਹਨ।

ਨਾਗਰਿਕਾਂ ਨੂੰ ਵੱਖੋ ਵੱਖਰੀਆਂ ਸੇਵਾਵਾਂ ਤੋਂ ਇਲਾਵਾ ਇਹ ਪਲੇਟਫਾਰਮ ਪ੍ਰਸ਼ਾਸਨਿਕ ਵਿਭਾਗਾਂ ਜਿਵੇਂ ਸਿਹਤ, ਪੁਲਿਸ, ਜ਼ਿਲਾ ਪ੍ਰਸ਼ਾਸਨ ਅਤੇ ਸਟੇਟ ਕੋਵਿਡ ਕੰਟਰੋਲ ਰੂਮ ਨੂੰ ਫੈਸਲਾ ਲੈਣ ਸਬੰਧੀ ਰਿਪੋਰਟਾਂ ਪ੍ਰਦਾਨ ਕਰਦਾ ਹੈ। ਮਰੀਜ਼ਾਂ ਦੇ ਪ੍ਰਬੰਧਨ, ਕੁਆਰੰਟੀਨ ਮੈਨੇਜਮੈਂਟ, ਸਿਹਤ ਸਬੰਧੀ ਬੁਨਿਆਦੀ ਢਾਂਚੇ, ਆਉਣ ਵਾਲੇ ਯਾਤਰੀਆਂ ਦੇ ਪ੍ਰਬੰਧਨ, ਸੰਪਰਕ ਟਰੇਸਿੰਗ/ ਟਰੈਕਿੰਗ ਆਦਿ ਲਈ ਰੀਅਲ ਟਾਈਮ ਡੈਸ਼ਬੋਰਡ ਉਪਲੱਬਧ ਹਨ। ਕੋਵਾ ਪਲੇਟਫਾਰਮ ਨੂੰ ਆਰੋਗਿਆ ਸੇਤੂ ਤੇ ਆਈ.ਟੀ.ਆਈ.ਐਚ.ਏ.ਐਸ. ਪਲੇਟਫਾਰਮ ਨਾਲ ਵੀ ਇਕਜੁੱਟ ਕੀਤਾ ਗਿਆ ਹੈ ਅਤੇ ਪ੍ਰਸ਼ਾਸਕੀ ਫੈਸਲਿਆਂ ਲਈ ਡੇਟਾ ਸਾਂਝਾ ਕੀਤਾ ਗਿਆ ਹੈ। ਇਹ ਪ੍ਰਣਾਲੀ ਸੂਬਾਈ ਪੁਲੀਸ ਨੂੰ ਪੰਜਾਬ ਵਿੱਚ ਆਉਣ ਜਾਂ ਪੰਜਾਬ ਤੋਂ ਜਾਣ ਵਾਲਿਆਂ ਨਾਲ ਸਿੱਝਣ ਵਿੱਚ ਮਦਦਗਾਰ ਹੋ ਰਹੀ ਹੈ। ਹੁਣ ਤਕ 11 ਲੱਖ ਤੋਂ ਵੱਧ ਯਾਤਰੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਉਨਾਂ ਉਤੇ ਆਨਲਾਈਨ ਨਜ਼ਰ ਰੱਖੀ ਜਾ ਰਹੀ ਹੈ।

ਇਸ ਐਪ ਵਿੱਚ ਬਹੁਤ ਜਲਦ ਇਕ ਹੋਰ ਖੂਬੀ ਜੋੜੀ ਜਾਵੇਗੀ, ਜਿਸ ਨਾਲ ਨਾਗਰਿਕਾਂ ਨੂੰ ਪੰਜਾਬ ਭਰ ਦੇ ਵੱਖ ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਬਿਸਤਰਿਆਂ ਦੀ ਉਪਲਬਧਤਾ ਬਾਰੇ ਪਤਾ ਚੱਲੇਗਾ। ਠੀਕ ਹੋ ਚੁੱਕੇ ਮਰੀਜ਼ ਵੀ ਇਸ ਐਪ ਉਤੇ ਪਲਾਜ਼ਮਾ ਦਾਨ ਕਰਨ ਅਤੇ ਹੋਰਾਂ ਦੀ ਮਦਦ ਕਰਨ ਲਈ ਵਾਲੰਟੀਅਰ ਵਜੋਂ ਸ਼ਾਮਲ ਹੋਣ ਲਈ ਬਿਨੈ ਕਰਨ ਦੇ ਯੋਗ ਹੋਣਗੇ।

ਕਾਬਿਲੇਗੌਰ ਹੈ ਕਿ ਕੋਵਿਡ -19 ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਨਾਲ ਇਨਾਂ ਹਾਲਾਤਾਂ ਵਿੱਚ ਵੱਖ ਵੱਖ ਸਮੇਂ ’ਤੇ ਇਕੱਤਰ ਕੀਤੀ ਜਾਣਕਾਰੀ ਦਾ ਡਿਜੀਟਲ ਰੂਪ ਵਿੱਚ ਪ੍ਰਬੰਧਨ ਕਰਕੇ ਇੱਕ ਸਾਰਥਕ ਜਾਣਕਾਰੀ ਪ੍ਰਾਪਤ ਕਰਨਾ ਅਤੇ ਇਸ ਅਨੁਸਾਰ ਫੈਸਲੇ ਲੈਣਾ ਮਹੱਤਵਪੂਰਨ ਹੋ ਜਾਂਦਾ ਹੈ।ਕੋਵੀਡ -19 ਦੀ ਜਾਣਕਾਰੀ ਦੇ ਪ੍ਰਬੰਧਨ ਵਿੱਚ ਪੰਜਾਬ ਸਰਕਾਰ ਮੋਹਰੀ ਰਹੀ ਹੈ ਅਤੇ ਫਰਵਰੀ, 2020 ਵਿੱਚ ਸਰਕਾਰ ਦਾ ਆਈ.ਟੀ. ਸਿਸਟਮ ਤਿਆਰ ਹੋ ਗਿਆ ਸੀ। ਪੰਜਾਬ ਸਰਕਾਰ ਦੇ ਤਤਕਾਲੀ ਮੁੱਖ ਸਕੱਤਰ ਵੱਲੋਂ 9 ਮਾਰਚ 2020 ਨੂੰ “ਕੋਵਾ ਪੰਜਾਬ” ਨਾਮੀ ਸਿਟੀਜ਼ਨ ਮੋਬਾਈਲ ਐਪ ਰਸਮੀ ਤੌਰ ’ਤੇ ਲਾਂਚ ਕੀਤੀ ਗਈ। ਐਪ ਦਾ ਉਦੇਸ਼ ਨਾਗਰਿਕਾਂ ਨੂੰ ਵੱਖ-ਵੱਖ ਸੁਰੱਖਿਆ ਉਪਾਵਾਂ, ਰੋਕਥਾਮ ਵਾਲੇ ਉਤਪਾਦਾਂ ਅਤੇ ਪੰਜਾਬ ਵਿਚਲੇ ਨਿਰਮਾਤਾਵਾਂ ਦੀ ਜਾਣਕਾਰੀ, ਨੋਡਲ ਅਧਿਕਾਰੀ ਦੇ ਸੰਪਰਕ ਨੰਬਰ ਸਮੇਤ ਕਰੋਨਾ ਹਸਪਤਾਲਾਂ ਬਾਰੇ ਜਾਣਕਾਰੀ, ਅਕਸਰ ਪੁੱਛੇ ਜਾਣ ਵਾਲੇ ਸਵਾਲ, ਚੈਟ-ਬੋਟ ਅਧਾਰਤ ਸੇਵਾਵਾਂ, ਸਿਹਤ ਸਥਿਤੀ ਦੀ ਜਾਂਚ ਅਤੇ ਵੱਖ-ਵੱਖ ਸਰਕਾਰੀ ਆਦੇਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਐਪ ਦੇ ਡੈਸ਼ਬੋਰਡ ’ਤੇ ਰਾਜ ਵਿੱਚ ਕੋਵਿਡ ਦੇ ਮਾਮਲਿਆਂ ਬਾਰੇ ਪ੍ਰਮਾਣਿਕ ਅਤੇ ਅਸਲ ਸਮੇਂ ਦੀ ਜਾਣਕਾਰੀ ਮਿਲਦੀ ਹੈ। ਕੁਨੈਕਟ ਟੂ ਡਾਕਟਰ ਦੀ ਵਿਸ਼ੇਸ਼ਤਾ ਨਾਗਰਿਕ ਨੂੰ ਡਾਕਟਰ ਨਾਲ ਗੱਲ ਕਰਨ ਅਤੇ ਮੁੱਢਲੀ ਸਹਾਇਤਾ ਲੈਣ ਦੀ ਸਹੂਲਤ ਪ੍ਰਦਾਨ ਕਰਦੀ ਹੈ।

About admin

Check Also

ਭਾਰਤ ਚੋਣ ਕਮਿਸ਼ਨ ਵੱਲੋਂ 25 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਇਲੈਕਟਰੋਨਿਕ ਵੋਟਰ ਫ਼ੋਟੋ ਸ਼ਨਾਖਤੀ ਕਾਰਡ ਡਾਊਨਲੋਡ ਕਰਨ ਦੀ ਸਹੂਲਤ

ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਭਾਰਤ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ 11ਵੇਂ ਰਾਸ਼ਟਰੀ ਵੋਟਰ …