* ਨਗਰ ਨਿਗਮ ਵਿੱਚ ਦਿੱਤਾ ਪ੍ਰੋਜੈਂਟੇਸ਼ਨ ਅਤੇ ਐਸ.ਟੀ.ਪੀ. ਪਲਾਂਟ ਦਾ ਵੀ ਕੀਤਾ ਦੌਰਾ * ਨਗਰ ਨਿਗਮ ਪਟਿਆਲਾ ਵੱਲੋਂ ਬਣਵਾਏ ਮਿੱਟੀ ਦੇ ਕੰਪੋਜਿਟ ਪਿੱਟ ਤੋਂ ਕਾਫੀ ਪ੍ਰਭਾਵਿਤ ਹੋਈ ਜਪਾਨੀ ਟੀਮ
ਪਟਿਆਲਾ, 4 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਕੂੜਾ ਪ੍ਰਬੰਧਨ ਅਤੇ ਗੰਦੇ ਪਾਣੀ ਨੂੰ ਸਾਫ ਕਰਨ ਦੀ ਤਕਨੀਕ ਸਬੰਧੀ ਜਾਣਕਾਰੀ ਦਾ ਅਦਾਨ ਪ੍ਰਦਾਨ ਕਰਨ ਲਈ ਤਿੰਨ ਮੈਂਬਰੀ ਜਪਾਨੀ ਟੀਮ ਨੇ ਪਟਿਆਲਾ ਦਾ ਦੌਰਾ ਕੀਤਾ। ਮੁਹਾਲੀ ਵਿਖੇ ਪੰਜਾਬ ਇੰਨਵੈਸਟਮੈਂਟ ਸਮਿਟ ਵਿੱਚ ਭਾਗ ਲੈਣ ਆਏ ਇਸ ਟੀਮ ਵੱਲੋਂ ਪਹਿਲਾਂ ਨਗਰ ਨਿਗਮ ਪਟਿਆਲਾ ਵਿਖੇ ਆਪਣਾ ਪ੍ਰੈਜਨਟੇਸ਼ਨ ਦਿੱਤਾ ਗਿਆ ਅਤੇ ਫੇਰ ਉਹਨਾਂ ਸੁਲਰ ਰੋਡ ਸਥਿਤ ਐਸ.ਟੀ.ਪੀ. ਪਲਾਂਟ ਦਾ ਦੌਰਾ ਕੀਤਾ।
ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਫ਼ਤਰ ਵਿਖੇ ਜਪਾਨ ਦੇ ਤਿੰਨ ਵਿਗਿਆਨੀ ਸ਼੍ਰੀ ਯੋਸ਼ਮੋਤੋ ਨਕਾਟਾ ਸੈਨ, ਡਾ. ਡਿੰਗ ਕਿੰਗ, ਸ਼੍ਰੀ ਰੇਮੰਡ ਨਿਲ ਵੱਲੋਂ ਆਪਣੀ ਪ੍ਰੈਜਨਟੇਸ਼ਨ ਦਿੱਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਸਾਲਿਡ ਵੇਸਟ ਅਤੇ ਪਰਾਲੀ ਨੂੰ ਬੈਕਟੀਰੀਆ ਅਤੇ ਪ੍ਰਦੂਸ਼ਿਤ ਪਾਣੀ ਨੂੰ ਐਨਿਜਾਇਮ ਨਾਲ ਸਾਫ ਕਰਨ ਦੀ ਤਕਨੀਕ ਨੂੰ ਜਪਾਨ ਨੇ ਅਪਣਾਇਆ ਹੈ ਅਤੇ ਉਹਨਾਂ ਆਪਣੇ ਸਾਫ ਸਫਾਈ ਨੂੰ ਬਦਬੂ ਮੁਕਤ ਕੀਤਾ ਗਿਆ ਅਤੇ ਨਦੀਆਂ, ਤਲਾਬਾਂ ਅਤੇ ਝੀਲਾਂ ਦੇ ਪਾਣੀ ਨੂੰ ਖੇਤਾਂ, ਜਲ ਜੀਵਨ ਅਤੇ ਮਨੁੱਖਾਂ ਦੇ ਪ੍ਰਯੋਗ ਕਰਨ ਦੇ ਲਾਇਕ ਬਣਾਇਆ ਹੈ।
ਜਪਾਨ ਤੋਂ ਆਏ ਟੀਮ ਨੇ ਦੱਸਿਆ ਕਿ ਉਹਨਾਂ ਐਸਾ ਬੈਕਟੀਰਿਆ ਤਿਆਰ ਕੀਤਾ ਹੈ ਕਿ ਜੋ ਪਰਾਲੀ ਨੂੰ ਦੋ ਮਹੀਨੇ ਵਿੱਚ ਖਾਦ ਵਿੱਚ ਬਦਲ ਸਕਦਾ ਹੈ। ਜਦਕਿ ਇਸ ਸਮੇਂ ਨੂੰ ਦੋ ਹਫਤੇ ਤੱਕ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰ ਠੋਸ ਕੂੜਾ ਵੇਸਟ ਨੂੰ ਬਦਬੂ ਮੁਕਤ ਕਰਕੇ ਉਸਦਾ ਪ੍ਰਬੰਧਨ ਕਰਨ ਵਿੱਚ ਇਹ ਬੇਹੱਦ ਕਾਰਗਰ ਸਾਬਿਤ ਹੁੰਦਾ ਹੈ। ਇਸੇ ਤਰ੍ਹਾਂ ਡਾ. ਡਿੰਗ ਕਿੰਗ ਵੱਲੋਂ ਤਿਆਰ ਕੀਤੀ ਗਈ ਇੱਕ ਗੋਲੀ ਸੈਪਟਿਕ ਟੈਂਕ ਨੂੰ ਇੱਕ ਹਫਤੇ ਵਿੱਚ ਪੂਰੀ ਤਰ੍ਹਾਂ ਸਾਫ ਕਰ ਸਕਦੀ ਹੈ। ਇਸ ਸਫਾਈ ਤੋਂ ਬਾਅਦ ਮੱਖੀ ਅਤੇ ਮੱਛਰ ਵਿੱਚ ਵੀ ਕਮੀ ਆ ਜਾਂਦੀ ਹੈ। ਉਹਨਾਂ ਦੱਸਿਆ ਕਿ ਗੰਦੇ ਤੋਂ ਗੰਦੇ ਰੁਕੇ ਹੋਏ ਪਾਣੀ ਨੂੰ ਵੀ ਸਾਫ ਕੀਤਾ ਜਾ ਸਕਦਾ ਹੈ ਅਤੇ ਵਗਦੇ ਪਾਣੀ ਲਈ ਵੀ ਵੱਖਰੀ ਤਕਨੀਕ ਵਰਤੇ ਪਾਣੀ ਸਾਫ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਜਿਥੇ ਜਪਾਨ ਤੋਂ ਆਏ ਦਲ ਵੱਲੋਂ ਆਪਣੀਆਂ ਖੋਜਾਂ ਨੂੰ ਅੰਕੜਿਆਂ ਦੇ ਅਧਾਰ ‘ਤੇ ਦੱਸਿਆ ਗਿਆ ਉਥੇ ਹੀ ਨਗਰ ਨਿਗਮ ਪਟਿਆਲਾ ਵੱਲੋਂ ਬਣਾਏ ਗਏ ਮਿੱਟੀ ਦੇ ਕੰਪੋਜਿਟ ਪਿੱਟ ਦੇਖ ਕੇ ਵੀ ਉਹ ਖਾਸ ਪ੍ਰਭਾਵਿਤ ਹੋਏ । ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ਼੍ਰੀ ਲਾਲ ਵਿਸ਼ਵਾਸ਼ ਅਤੇ ਅਭੀਕੇਸ਼ ਕੁਮਾਰ ਨੇ ਨਗਰ ਨਿਗਮ ਵੱਲੋਂ ਪ੍ਰੈਜਨਟੇਸ਼ਨ ਦੇ ਕੇ ਸਾਲਿਡ ਵੇਸਟ ਮੈਨੇਜਮੈਂਟ ਅਤੇ ਸੂਲਰ ਰੋਡ ‘ਤੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਕਿਸ ਤਰ੍ਹਾਂ ਪਾਣੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਰਿਹਾ ਹੈ ਅਤੇ ਖੇਤੀ ਦੇ ਕੰਮ ਲਈ ਵਰਤਿਆ ਜਾ ਰਿਹਾ ਹੈ, ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਕਸ਼ੀਅਨ ਸੁਰੇਸ਼ ਕੁਮਾਰ, ਸ਼੍ਰੀ ਅਭੀਕੇਸ਼ ਅਤੇ ਜਪਾਨ ਦੇ ਦਲ ਨਾਲ ਆਏ ਭਾਰਤੀ ਦਲ ਦੇ ਇੰਦਰ ਸਾਹਨੀ, ਦੀਪਕ ਸਿੰਘ, ਅਦਿਤਯ ਪ੍ਰਤਾਪ ਸਿੰਘ ਅਤੇ ਵਿਸ਼ਾਲ ਸਿੰਘ ਸ਼ਾਮਲ ਸਨ।