ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਨੇ ਬ੍ਰਿਟਿਸ਼ ਕੌਂਸਿਲ, ਯੂ.ਕੇ. ਵੱਲੋਂ ਲਗਾਤਾਰ ਦੂਜੀ ਵਾਰ ਨਿਰਮਲ ਗੋਇਲ ਨੇ ਇੰਟਰਨੈਸ਼ਨਲ ਸਕੂਲ ਦਾ ਅਵਾਰਡ ਪ੍ਰਾਪਤ ਕੀਤਾ
ਪਟਿਆਲਾ 11 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬ੍ਰਿਟਿਸ਼ ਕੌਂਸਿਲ, ਯੂ.ਕੇ. ਵੱਲੋਂ ਲਗਾਤਾਰ ਦੂਜੀ ਵਾਰ ਇੰਟਰਨੈਸ਼ਨਲ ਸਕੂਲ ਅਵਾਰਡ (2019-2020) ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ। ਦਿੱਲੀ ਵਿਖੇ ਲੀਲਾ ਐਂਬੀਅਸ ਕਨਵੈਨਸ਼ਨ ਹੋਟਲ ਵਿੱਚ ਕਰਵਾਏ ਸਮਾਗਮ ਦੌਰਾਨ ਪ੍ਰਿੰਸੀਪਲ, ਸ੍ਰੀਮਤੀ ਐਸ.ਕੇ.ਨਿਰਮਲ ਗੋਇਲ ਅਤੇ ਪ੍ਰੋਜੇਕਟ ਦੇ ਕੋਆਰਡੀਨੇਟਰ ਸ੍ਰੀਮਤੀ ਸਰਜੀਤ ਕੌਰ ਸੋਹੀ ਨੂੰ ਇਕ ਟਰਾਫੀ ਅਤੇ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜਿਆ ਗਿਆ।
ਇਸ ਖੁਸ਼ੀ ਦਾ ਜਸ਼ਨ ਮਨਾਉਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੰਡੀਕੇਟ ਰੂਮ ਵਿਚ ਇਕ ਸੰਖੇਪ ਪ੍ਰੋਗਰਾਮ ਰੱਖਿਆ ਗਿਆ। ਇਸ ਮੌਕੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਸਮੇਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਜਿਹੀਆਂ ਗਤਿਵਿਧਿਆਂ ਨੂੰ ਕਲਾਸ ਰੂਮ ਤੋਂ ਬਾਹਰ ਰੋਜਾਨਾ ਦੀ ਸਵੇਰ ਦੀ ਸਭਾ ਦਾ ਹਿੱਸਾ ਬਣਾਉਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਇਹ ਸਕੂਲ ਯੂਨੀਵਰਸਿਟੀ ਦਾ ਇਕ ਅਹਿਮ ਅੰਗ ਹੈ ਜਿਸ ਉਪਰ ਯੂਨੀਵਰਸਿਟੀ ਦੀ ਅਕਾਦਮਿਕ ਫਿਜ਼ਾ ਦਾ ਗਹਿਰਾ ਸਾਕਾਰਾਤਮਕ ਅਸਰ ਹੈ। ਉਨ੍ਹਾਂ ਕਿਹਾ ਕਿ ਇਹ ਮਾਅਰਕੇ ਵਾਲੀ ਗੱਲ ਹੈ ਕਿ ਇਸ ਐਵਾਰਡ ਲਈ ਰੱਖੇ ਗਏ ਮੁਕਾਬਲੇ ਵਿਚੋਂ ਸੱਤਾਂ ਹੀ ਵਿਸਿ਼ਆਂ ਉੱਪਰ ਇਸ ਸਕੂਲ ਨੇ 49 ਵਿਚੋਂ 49 ਭਾਵ ਸੌ ਫੀਸਦੀ ਨੰਬਰ ਹਾਸਲ ਕਰ ਕੇ ਲਗਾਤਾਰ ਦੂਸਰੀ ਵਾਰ ਇਹ ਐਵਾਰਡ ਜਿੱਿਤਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖਿਆ ਸਿਰਫ ਜਮਾਤ ਕਮਰਿਆਂ ਤਕ ਮਹਿਦੂਦ ਨਹੀਂ ਰਹੀ ਸਗੋਂ ਇਸ ਦੇ ਸੈਂਕੜੇ ਹੋਰ ਬਦਲ ਆ ਗਏ ਹਨ। ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਡੀਨ ਕਾਲਿਜ ਵਿਕਾਸ ਕੌਂਸਿਲ, ਡਾ. ਤ੍ਰਿਸ਼ਨਜੀਤ ਕੌਰ ਨੇ ਵੀ ਇਸ ਮਾਣਮੱਤੀ ਉਪਲੱਬਧੀ ਤੇ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਬ੍ਰਿਟਿਸ਼ ਕੌਂਸਿਲ ਪ੍ਰੋਜੈਕਟ ਦੇ ਮੈਂਬਰ ਸ. ਪਰਵਿੰਦਰ ਸਿੰਘ, ਸ੍ਰੀਮਤੀ ਅਮੋਲਜੀਤ ਕੌਰ, ਸ੍ਰੀਮਤੀ ਰਜਨੀਸ਼ ਗੌਤਮ, ਸ੍ਰੀਮਤੀ ਅੰਜੂ ਮਹਿਤਾ, ਸ੍ਰੀਮਤੀ ਰਮਨਜੀਤ ਕੌਰ, ਸ੍ਰੀਮਤੀ ਜਸਮੀਤ ਕੌਰ, ਸ੍ਰੀਮਤੀ ਕਿਰਨਪਾਲ ਕੌਰ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਅਵਿਨਾਸ਼ ਕੌਰ, ਸ੍ਰੀ ਅਭਿਸ਼ੇਕ ਰਾਣਾ ਅਤੇ ਸ੍ਰ. ਗਗਨਦੀਪ ਸਿੰਘ ਵੀ ਮੌਜੂਦ ਸਨ।