ਸ਼੍ਰੀ ਹਰਿੰਦਰਪਾਲ ਸਿੰਘ ਜੀ ਹੈਰੀ ਮਾਨ ਹਲਕਾ ਇੰਚਾਰਜ ਸਨੌਰ, ਸ਼੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ, ਡਾ: ਪ੍ਰੀਤੀ ਯਾਦਵ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਅਸ਼ਵਨੀ ਬੱਤਾ ਚੇਅਰਮੈਨ ਪੰਚਾਇਤ ਸੰਮਤੀ ਸਨੌਰ, ਸ਼੍ਰੀ ਵਿਨੀਤ ਸ਼ਰਮਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਨੌਰ ਦੀ ਯੋਗ ਅਗਵਾਈ ਹੇਠ ਗ੍ਰਾਮ ਪੰਚਾਇਤ ਅਸਰਪੁਰ, ਬਲਾਕ ਸਨੌਰ, ਜ਼ਿਲ੍ਹਾ ਪਟਿਆਲਾ ਨੂੰ “ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਨੈਸ਼ਨਲ ਐਵਾਰਡ 2020” ਲਈ ਚੁਣਿਆ ਗਿਆ ਹੈl
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਬੱਚਿਆਂ ਦੀ ਭਲਾਈ ਅਤੇ ਵਿਕਾਸ ਲਈ ਕੀਤੇ ਗਏ ਪ੍ਰਸ਼ੰਸਾਯੋਗ ਕੰਮਾਂ ਲਈ ਹਰਇਕ ਸੂਬੇ ਵਿੱਚੋਂ ਹਰੇਕ ਸਾਲ ਕੇਵਲ ਇਕ ਗ੍ਰਾਮ ਪੰਚਾਇਤ ਨੂੰ ਇਹ ਐਵਾਰਡ ਦਿੱਤਾ ਜਾਂਦਾ ਹੈl ਗ੍ਰਾਮ ਪੰਚਾਇਤ ਅਸਰਪੁਰ ਨੂੰ ਮੁਲਾਂਕਣ ਸਾਲ 2018-19 ਦੌਰਾਨ ਬੱਚਿਆਂ ਦੀ ਭਲਾਈ ਲਈ ਕੀਤੀ ਗਈ ਵਧੀਆ ਕਾਰਗੁਜ਼ਾਰੀ ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈl
ਇਸ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲ-ਬਾਤ ਕਰਦੇ ਹੋਏ ਸ਼੍ਰੀ ਵਿਨੀਤ ਸ਼ਰਮਾ ਬੀਡੀਪੀਓ ਸਨੌਰ, ਸ਼੍ਰੀ ਪਰੇਮ ਸਿੰਘ ਸਰਪੰਚ ਅਸਰਪੁਰ, ਸ਼੍ਰੀ ਭੁਪਿੰਦਰ ਸਿੰਘ ਪੰਚਾਇਤ ਸਕੱਤਰ ਅਸਰਪੁਰ , ਸ਼੍ਰੀਮਤੀ ਸਰਬਜੀਤ ਕੌਰ ਮੁੱਖ ਅਧਿਆਪਕਾ ਐਲੀਮੈਂਟਰੀ ਸਕੂਲ ਅਸਰਪੁਰ ਨੇ ਦੱਸਿਆ ਕਿ ਹਲਕਾ ਇੰਚਾਰਜ ਸ੍ਰ: ਹਰਿੰਦਰਪਾਲ ਸਿੰਘ ਹੈਰੀ ਮਾਨ ਜੀ, ਸ਼੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਜੀ, ਡਾ: ਪ੍ਰੀਤੀ ਯਾਦਵ ਏ.ਡੀ.ਸੀ.(ਵਿਕਾਸ) ਜੀ, ਸ਼੍ਰੀ ਅਸ਼ਵਨੀ ਬੱਤਾ ਚੇਅਰਮੈਨ ਪੰਚਾਇਤ ਸੰਮਤੀ ਸਨੌਰ ਜੀ ਦੀ ਯੋਗ ਅਗਵਾਈ ਹੇਠ ਗ੍ਰਾਮ ਪੰਚਾਇਤ ਨੇ ਬੱਚਿਆਂ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇl
ਸਰਕਾਰ ਵੱਲੋਂ ਬੱਚਿਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਨੂੰ ਸੰਬੰਧਿਤ ਲਾਈਨ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਦਦ ਨਾਲ ਬੱਚਿਆਂ ਤੱਕ ਪੂਰਨ ਰੂਪ ਵਿੱਚ ਪਹੁੰਚਾਇਆ ਗਿਆl ਇਹਨਾਂ ਸਕੀਮਾਂ ਤਹਿਤ ਪਿੰਡ ਦੇ ਹਾਈ ਸਕੂਲ ਅਤੇ ਐਲੀਮੈਂਟਰੀ ਸਕੂਲ ਅਤੇ ਦੋਵੇਂ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਸਰਕਾਰ ਵੱਲੋਂ ਪ੍ਰਾਪਤ ਬਾਕਾਇਦਾ ਦੁਪਹਿਰ ਦਾ ਪੋਸ਼ਟਿਕ ਭੋਜਨ, ਮੁਫ਼ਤ ਵਰਦੀ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈl ਅਧਿਆਪਕਾਂ ਵੱਲੋਂ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਹਾਈ ਅਤੇ ਐਲੀਮੈਂਟਰੀ ਦੋਵਾਂ ਸਕੂਲਾਂ ਦੇ ਨਤੀਜੇ ਬਹੁਤ ਵਧੀਆ ਆਉਂਦੇ ਹਨl ਪਿੰਡ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੁਤਬਾ ਮਿਲਿਆ ਹੋਇਆ ਹੈl ਬਿਮਾਰੀਆਂ ਤੋਂ ਬਚਾਅ ਲਈ ਸਾਰੇ ਬੱਚਿਆਂ ਦਾ ਟੀਕਾ-ਕਰਨ ਕਰਵਾਇਆ ਗਿਆ ਹੈ, ਸਿਹਤ ਵਿਭਾਗ ਦੀ ਟੀਮ ਅਤੇ ਆਸ਼ਾ ਵਰਕਰ ਦੀ ਮਦਦ ਨਾਲ ਬੱਚਿਆਂ ਦੇ ਡੀ.ਪੀ.ਟੀ. ਅਤੇ ਟੀ.ਟੀ. ਦੇ ਟੀਕੇ ਲਗਵਾਏ ਗਏ ਹਨl ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਇਰਨ ਦੀਆਂ ਗੋਲੀਆਂ ਅਤੇ ਡੀ-ਵਾਰਮਿੰਗ ਲਈ ਅਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨl ਬੱਚਿਆਂ ਨੂੰ ਸੱਭਿਆਚਾਰਕ ਸਰਗਰਮੀਆਂ ਅਤੇ ਪਿੰਡ ਵਿੱਚ ਮੌਜ਼ੂਦ ਸਟੇਡੀਅਮ, ਹਾਈ ਸਕੂਲ ਅਤੇ ਐਲੀਮੈਂਟਰੀ ਸਕੂਲ ਦੇ ਗਰਾਊਂਡਾਂ ਵਿੱਚ ਵੱਖ-ਵੱਖ ਖੇਡਾਂ ਅਤੇ ਕਸਰਤਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈl ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਨੂੰ ਛੱਤ-ਬੀੜ ਚਿੜੀਆਂ ਘਰ ਦਾ ਦੌਰਾ ਕਰਵਾਇਆ ਗਿਆ ਅਤੇ ਸਮੇ-ਸਮੇ ਸਾਇੰਸ ਮੇਲੇ ਅਤੇ ਹੋਰ ਗਤੀਵਿਧੀਆਂ ਦੇ ਟੂਰ ਕਰਵਾਏ ਜਾਂਦੇ ਹਨ ਅਤੇ 2019 ਵਿੱਚ ਨਾਰਥ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਸ਼ੀਸ਼ ਮਹਿਲ ਪਟਿਆਲਾ ਵਿਖ਼ੇ ਕਰਵਾਏ ਗਏ ਪ੍ਰੋਗਰਾਮ ਵਿੱਚ ਵੀ ਐਲੀਮੈਂਟਰੀ ਸਕੂਲ ਅਸਰਪੁਰ ਦੇ ਬੱਚਿਆਂ ਨੇ ਹਿੱਸਾ ਲਿਆl ਗ੍ਰਾਮ ਪੰਚਾਇਤ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਵਾਤਾਵਰਨ, ਪਾਣੀ, ਦਰੱਖਤਾਂ, ਹਵਾ, ਜੀਵ-ਜੰਤੂਆਂ ਆਦਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਨ ਅਤੇ ਨਸ਼ੇ, ਭਰੂਣ ਹੱਤਿਆ, ਦਾਜ-ਦਹੇਜ ਅਤੇ ਜਾਤ-ਪਾਤ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਨਾਦਾਇਕ ਰੈਲੀਆਂ ਕੱਢੀਆਂ ਜਾਂਦੀਆਂ ਹਨl ਇਸ ਤੋਂ ਇਲਾਵਾ ਨਿਜੀ-ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਈ ਸਕੂਲ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਨੂੰ ਸਿਖਿਆ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਪ੍ਰਾਪਤ ਸੈਨੇਟਰੀ ਪੈਡ ਵੰਡੇ ਗਏl ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਾਮ ਪੰਚਾਇਤ ਵੱਲੋਂ ਸਰਕਾਰੀ ਹਦਾਇਤਾ ਅਨੁਸਾਰ ਬਾਲ ਸੁਰੱਖਿਆ ਕਮੇਟੀ ਵੀ ਬਣਾਈ ਗਈ ਹੈ ਤਾਂ ਜੋ ਬੱਚਿਆਂ ਦਾ ਕਿਸੇ ਵੀ ਤਰਾਂ ਦਾ ਕੋਈ ਸੋਸ਼ਣ ਨਾ ਹੋ ਸਕੇl ਗ੍ਰਾਮ ਪੰਚਾਇਤ ਵੱਲੋਂ ਆਂਗਣਵਾੜੀ ਸਟਾਫ਼ ਦੀ ਮਦਦ ਨਾਲ ਪੋਸ਼ਣ-ਮਹੀਨਾ ਯੋਜਨਾ ਮਨਾਈ ਜਾਂਦੀ ਹੈ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਬਾਕਾਇਦਾ ਪੋਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਆਸ਼ਾ ਵਰਕਰ ਦੀ ਮਦਦ ਨਾਲ ਉਹਨਾਂ ਦਾ ਸਿਹਤ ਵਿਭਾਗ ਦੀ ਏ.ਐਨ.ਐਮ. ਤੋਂ ਬਾਕਾਇਦਾ ਚੈਕਅੱਪ ਕਰਵਾਇਆ ਜਾਂਦਾ ਹੈl
ਗ੍ਰਾਮ ਸਭਾ ਵੱਲੋਂ ਆਪਣੇ ਇਜਲਾਸ ਵਿੱਚ ਬਾਕਾਇਦਾ ਬੱਚਿਆਂ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਰਿਕਾਰਡ ਨੋਟ ਕੀਤਾ ਜਾਂਦਾ ਹੈl ਗ੍ਰਾਮ ਪੰਚਾਇਤ, ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਆਸ਼ਾ ਵਰਕਰ ਵੱਲੋਂ ਉਪਰੋਕਤ ਸਾਰੀਆਂ ਭਲਾਈ ਸਕੀਮਾਂ/ਸਰਗਰਮੀਆਂ ਦੇ ਬਾਕਾਇਦਾ ਰਜਿਸਟਰ ਲਗਾਕੇ ਰਿਕਾਰਡ ਰੱਖਿਆ ਜਾਂਦਾ ਹੈl ਪਿੰਡ ਦੇ ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਸਮੇ-ਸਮੇ ਤੇ ਬੱਚਿਆਂ ਦੇ ਮਾਪਿਆਂ ਨਾਲ ਅਧਿਆਪਕਾਂ ਅਤੇ ਪੰਚਾਇਤ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨl
ਸਭ ਤੋਂ ਵੱਡੀ ਗੱਲ ਤਾਂ ਇਹ ਕਿ ਗ੍ਰਾਮ ਪੰਚਾਇਤ ਅਸਰਪੁਰ ਕੋਲ ਸ਼ਾਮਲਾਤ ਜ਼ਮੀਨ ਨਾ ਹੋਣ ਕਾਰਣ ਆਮਦਨ ਦਾ ਕੋਈ ਸਾਧਨ ਨਾ ਹੋਣ ਦੇ ਬਾਵਜੂਦ ਪੰਚਾਇਤ ਨੇ ਅਧਿਆਪਕਾਂ, ਪੰਚਾਂ, ਦਾਨੀ ਸੱਜਣਾ, ਐਨ.ਆਰ.ਆਈ. ਅਤੇ ਪਿੰਡ ਵਾਸੀਆਂ ਅਤੇ ਸਰਕਾਰ ਦੀ ਮਦਦ ਨਾਲ ਪਿੰਡ ਦੇ ਸਕੂਲਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਹੈl ਗ੍ਰਾਮ ਪੰਚਾਇਤ ਵੱਲੋਂ ਪਿੰਡ ਦਾ ਐਲੇਮੈਂਟਰੀ ਸਕੂਲ ਜੋ ਕਿ ਬਹੁਤ ਘੱਟ ਥਾਂ ਵਿੱਚ ਬਣਿਆ ਹੋਇਆ ਸੀ, ਉਸ ਨੂੰ ਪਿੰਡ ਦੇ ਗ੍ਰਾਮ ਸਭਾ ਹਾਲ ਅਤੇ ਸਹਿਕਾਰੀ ਸਭਾ ਦੀ ਵਿਸ਼ਾਲ ਇਮਾਰਤ ਵਿੱਚ ਸ਼ਿਫਟ ਕੀਤਾ ਗਿਆl ਪਿੰਡ ਦੇ ਸਰਪੰਚ ਪਰੇਮ ਸਿੰਘ ਜੋ ਕਿ ਪੇਂਟਰ ਦਾ ਕੰਮ ਕਰਦੇ ਹਨ, ਉਹਨਾਂ ਨੇ ਆਪਣੀ ਕਲਾ ਨਾਲ ਸਕੂਲ ਵਿੱਚ ਰੰਗ-ਰੋਗਨ, ਕਲਾ-ਕ੍ਰਿਤੀਆਂ, ਸਲੋਗਨ, ਕਾਰਟੂਨ, ਵਿਜ਼ੂਅਲ-ਏਡਜ਼ ਆਦਿ ਬਣਾਉਣ ਦੀ ਸੇਵਾ ਕੀਤੀl ਇਸ ਤੋਂ ਇਲਾਵਾ ਅਧਿਆਪਕਾਂ, ਪੰਚਾਇਤ ਅਤੇ ਦਾਨੀ ਸੱਜਣਾ ਵੱਲੋਂ ਸਕੂਲ ਦੀ ਬਿਜਲੀ ਫੀਟਿੰਗ, ਕੂਲਰ ਅਤੇ ਪੱਖੇ, ਸਬਮਰਸੀਬਲ ਪੰਪ ਲਗਵਾਉਣ, ਮਿੱਟੀ ਦਾ ਭਰਤ ਪਾਉਣ, ਬਾਥਰੂਮ ਬਣਵਾਉਣ ਦੇ ਕੰਮ ਕਰਵਾਏ ਗਏ ਹਨ ਅਤੇ ਮਨਰੇਗਾ ਸਕੀਮ ਅਧੀਨ ਸਕੂਲਾਂ ਵਿੱਚ ਦਰੱਖਤ ਅਤੇ ਫੁੱਲ-ਬੂਟੇ ਵੀ ਲਗਵਾਏ ਗਏ ਹਨl
ਭਾਰਤ ਸਰਕਾਰ ਵੱਲੋਂ ਹਰ ਸਾਲ 24 ਅਪਰੈਲ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਜਾਂਦਾ ਹੈ ਅਤੇ ਵਧੀਆ ਕਾਰਗੁਜ਼ਾਰੀ ਵਾਲੀਆਂ ਗ੍ਰਾਮ ਪੰਚਾਇਤਾ ਨੂੰ ਦਿੱਲੀ ਵਿਖ਼ੇ ਬੁਲਾ ਕੇ ਰਾਸ਼ਟਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈl ਪ੍ਰੰਤੂ ਇਸ ਸਾਲ ਕਰੋਨਾ ਵਾਇਰਸ ਕਾਰਣ ਹੋਏ ਲਾਕ-ਡਾਊਨ ਅਤੇ ਕਰਫ਼ਿਊ ਦੇ ਚੱਲਦਿਆਂ ਇਹ ਪੁਰਸਕਾਰ ਸਰਕਾਰ ਵੱਲੋਂ ਕੁਝ ਸਮਾਂ ਠਹਿਰ ਕੇ ਦਿੱਤੇ ਜਾਣਗੇl
ਇਸ ਸਮੇ ਮੌਕੇ ਤੇ ਸ਼੍ਰੀ ਅਸ਼ਵਨੀ ਬੱਤਾ ਚੇਅਰਮੈਨ ਪੰਚਾਇਤ ਸੰਮਤੀ ਸਨੌਰ ਅਤੇ ਸ਼੍ਰੀ ਵਿਨੀਤ ਸ਼ਰਮਾ ਬੀਡੀਪੀਓ ਸਨੌਰ ਨੇ ਸ਼੍ਰੀ ਪਰੇਮ ਸਿੰਘ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਅਸਰਪੁਰ ਅਤੇ ਸ਼੍ਰੀ ਨਵਿੰਦਰ ਸਿੰਘ ਸੰਮਤੀ ਮੈਂਬਰ ਅਸਰਪੁਰ ਨੂੰ ਮੁਬਾਰਕਬਾਦ ਦਿੱਤੀ ਤੇ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਹਰ ਤਰਾਂ ਦੀ ਸਹਾਇਤਾ ਦਾ ਵਾਅਦਾ ਕੀਤਾl ਉਹਨਾਂ ਨਾਲ ਸ਼੍ਰੀ ਮਨਮੋਹਨ ਸਿੰਘ ਪੰਚਾਇਤ ਅਫ਼ਸਰ ਸਨੌਰ, ਸ਼੍ਰੀ ਗੁਰਪ੍ਰੀਤ ਸਿੰਘ ਐਸ.ਈ.ਪੀ.ਓ. ਸਨੌਰ, ਸ਼੍ਰੀ ਭੁਪਿੰਦਰ ਸਿੰਘ ਥਿੰਦ ਪੰਚਾਇਤ ਸਕੱਤਰ ਅਸਰਪੁਰ ਹਾਜ਼ਰ ਸਨl
*ਇਸ ਮੌਕੇ ਉੱਤੇ ਸੋਸ਼ਲ-ਡਿਸਟੈਨਸਿੰਗ ਦਾ ਖ਼ਾਸ ਧਿਆਨ ਰੱਖਿਆ ਗਿਆl*