ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ):ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ ‘ਚ ਮਹਿਲਾਂ ਅਤੇ ਬਾਲਾਂ ਨਾਲ ਸਬੰਧਤ ਮਾਮਲਿਆਂ/ਅਪਰਾਧਾਂ ਦੇ ਨਿਪਟਾਰੇ ਨੂੰ ਪਰਮ ਅਗੇਤ ਦੇਣ ਦੀ ਹਦਾਇਤਾਂ ਤੋਂ ਬਾਅਦ ਅੱਜ ਪਟਿਆਲਾ ਜ਼ਿਲ੍ਹੇ ‘ਚ 25 ਮਹਿਲਾ ਹੈਲਪ ਡੈਸਕਾਂ ਦੀ ਸ਼ੁਰੂਆਤ ਕਰ ਦਿੱਤੀ ਗਈ।
ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਇਨ੍ਹਾਂ ‘ਚੋ 18 ਹੈਲਪ ਡੈਸਕ ਸਾਂਝ ਕੇਂਦਰਾਂ ਦੀਆਂ ਇਮਾਰਤਾਂ ‘ਚ ਅਤੇ 7 ਹੈਲਪ ਡੈਸਕ ਥਾਣਿਆਂ ‘ਚ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ, ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਪੰਜਾਬ, ਚੰਡੀਗੜ੍ਹ ਵੱਲੋਂ ਔਰਤਾਂ ਅਤੇ ਬੱਚਿਆ ਨਾਲ ਸਬੰਧਤ ਮਾਮਲਿਆਂ/ਅਪਰਾਧਾਂ ਨਾਲ ਨਜਿੱਠਣ ਲਈ ਪੰਜਾਬ ਭਰ ਵਿੱਚ ਥਾਣਾ ਪੱਧਰ ‘ਤੇ ਕਾਇਮ ਕੀਤੇ ਗਏ ਇਨ੍ਹਾਂ 488 ਮਹਿਲਾ ਹੈਲਪ ਡੈਸਕਾਂ ‘ਤੇ ਤਾਇਨਾਤ ਕੀਤੇ ਜਾਣ ਵਾਲੇ ਸਟਾਫ਼ ਨੂੰ ਦੋ ਦਿਨਾਂ ਪਹਿਲਾਂ ਟਰੇਨਿੰਗ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਡੈਸਕਾਂ ਵੱਲੋਂ ਉਨ੍ਹਾਂ ਕੋਲ ਆਉਣ ਵਾਲੀ ਮਹਿਲਾ/ਬਾਲ ਦੀ ਕਿਸੇ ਵੀ ਦਰਖਾਸਤ ਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਦੇਕੇ ਨਿਪਟਾਰੇ ਤੋਂ ਇਲਾਵਾ ਹੈਲਪਲਾਈਨ ਨੰਬਰ 112, 181 ‘ਤੇ ਕੀਤੀ ਗਈ ਕਾਲ ਸੁਣ ਕੇ ਉਸਦਾ ਵੀ ਨਿਪਟਾਰਾ ਕੀਤਾ ਜਾਵੇਗਾ।
ਸ੍ਰੀ ਦੁੱਗਲ ਨੇ ਅੱਗੇ ਦੱਸਿਆ ਕਿ ਐਸ.ਪੀ. ਸਿਟੀ ਕਮ- ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਪਟਿਆਲਾ ਸ਼੍ਰੀ ਵਰੁਨ ਸ਼ਰਮਾ ਨੂੰ ਇਨ੍ਹਾਂ ਮਹਿਲਾ ਹੈਲਪ ਡੈਸਕਾਂ ਦੀ ਨਿਗਰਾਨੀ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ ਜਦਕਿ ਡਾ. ਸਿਮਰਤ ਕੌਰ ਐਸ.ਪੀ. ਪੀ.ਬੀ.ਆਈ. ਪਟਿਆਲਾ ਕਮ ਜ਼ਿਲ੍ਹਾ ਨੋਡਲ ਅਫ਼ਸਰ, ਵੋਮੈਨ ਅਤੇ ਚਾਈਲਡ ਅਫੇਅਰਜ਼ ਪਟਿਆਲਾ ਲਾਇਆ ਗਿਆ ਹੈ। ਹਰੇਕ ਮਹਿਲਾ ਹੈਲਪ ਡੈਸਕ ਲਈ ਦੋ ਦੋ ਮਹਿਲਾ ਪੁਲਿਸ ਕਰਮਚਾਰੀ ਬਤੌਰ ਪੰਜਾਬ ਪੁਲਿਸ ਮਹਿਲਾ ਮਿੱਤਰ ਨਾਜ਼ਮਦ ਕੀਤੇ ਗਏ ਹਨ, ਜੋ ਹਰ ਰੋਜ਼ ਸਵੇਰੇ 9.00 ਵਜੇ ਤੋਂ ਸਾਮ 6.00 ਵਜੇ ਤੱਕ ਜ਼ਿਲ੍ਹਾ ਪਟਿਆਲਾ ਵਿੱਚ ਸੇਵਾਵਾਂ ਪ੍ਰਦਾਨ ਕਰਨਗੇ। ਮਹਿਲਾ ਪੁਲਿਸ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਗਜ਼ਟਿਡ ਅਧਿਕਾਰੀਆਂ ਦੀ ਰੇਂਜ ਪੱਧਰ ਦੀ ਇੱਕ ਕਮੇਟੀ ਗਠਿਤ ਕੀਤੀ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਟਿਆਲਾ ਦੇ ਪਹਿਲੇ ਮਹਿਲਾ ਹੈਲਪ ਡੈਸਕ ਦੀ ਸ਼ੁਰੂਆਤ ਅੱਜ ਸਾਂਝ ਕੇਂਦਰ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਡਾ. ਸਿਮਰਤ ਕੌਰ ਐੱਸ.ਪੀ. ਪੀ.ਬੀ.ਆਈ. ਪਟਿਆਲਾ ਕਮ ਜ਼ਿਲ੍ਹਾ ਨੋਡਲ ਅਫਸਰ, ਵੋਮੈਨ ਅਤੇ ਚਾਈਲਡ ਅਫੇਅਰਜ਼ ਪਟਿਆਲਾ ਵੱਲੋਂ ਕੀਤੀ ਗਈ।
ਇਸ ਮੌਕੇ ਸ਼੍ਰੀਮਤੀ ਬਿੰਦੂ ਬਾਲਾ, ਡੀ.ਐੱਸ.ਪੀ. ਬੱਚਿਆਂ ਅਤੇ ਔਰਤਾਂ ਵਿਰੁੱਧ ਜੁਰਮ ਪਟਿਆਲਾ, ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ, ਐੱਸ.ਆਈ. ਸੁਖਵਿੰਦਰ ਕੌਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਪਟਿਆਲਾ, ਸ.ਥ. ਬਲਜਿੰਦਰ ਕੌਰ ਪੰਜਾਬ ਪੁਲਿਸ ਮਹਿਲਾ ਮਿੱਤਰ ਵੋਮੈਨ ਹੈਲਪ ਡੈਸਕ ਥਾਣਾ ਸਿਵਲ ਲਾਈਨ ਪਟਿਆਲਾ, ਸ.ਥ. ਜਗਤਾਰ ਸਿੰਘ ਪੀ.ਵੀ.ਓ ਸਾਂਝ ਕੇਂਦਰ ਸਿਵਲ ਲਾਈਨ ਪਟਿਆਲਾ, ਸਿਪਾਹੀ ਰਾਹੁਲ ਸ਼ਰਮਾ ਕੰਪਿਊਟਰ ਓਪਰੇਟਰ ਸਾਂਝ ਕੇਂਦਰ ਥਾਣਾ ਸਿਵਲ ਲਾਈਨ ਪਟਿਆਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

