ਨਵੀਂ ਦਿੱਲੀ, 11 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : -ਦਿੱਲੀ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲਾ ਐਨ. ਡੀ. ਏ. ਗੱਠਜੋੜ ਪਿਛਲੇ ਸਾਲਾਂ ਦੌਰਾਨ 7 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸਾਂ ਵਿਚ ਸੱਤਾ ਗਵਾ ਚੁੱਕਾ ਹੈ। ਪਿਛਲੀ ਵਾਰ ਦਿੱਲੀ ਵਿਧਾਨ ਸਭਾ ਚੋਣਾਂ ‘ਚ ਤਿੰਨ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ। ਦਿੱਲੀ ਦੇ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ 48 ਸੀਟਾਂ ‘ਤੇ ਜਿੱਤ ਦੇ ਅਨੁਮਾਨ ਨਾਲ ਸੱਤਾ ‘ਚ ਆਉਣ ਦੀ ਉਮੀਦ ਆਖ਼ਰੀ ਪਲਾਂ ਤੱਕ ਲਗਾਈ ਹੋਈ ਸੀ ਪਰ ਭਾਜਪਾ ਦੀ ਦਿੱਲੀ ਦੀ ਸੱਤਾ ‘ਚ ਆਉਣ ਦੀ ਉਮੀਦ ਟੁੱਟ ਗਈ। ਭਾਜਪਾ ਲਈ ਦੇਸ਼ ਦਾ ਸਿਆਸੀ ਨਕਸ਼ਾ ਨਹੀਂ ਬਦਲਿਆ ਹੈ। ਦਿੱਲੀ ਸਮੇਤ 12 ਸੂਬਿਆਂ ‘ਚ ਅਜੇ ਵੀ ਭਾਜਪਾ ਵਿਰੋਧੀ ਸਰਕਾਰਾਂ ਹਨ। ਐਨ. ਡੀ. ਏ. ਗੱਠਜੋੜ ਦੀ 16 ਸੂਬਿਆਂ ‘ਚ ਸਰਕਾਰ ਹੈ। ਇਨ੍ਹਾਂ ਸੂਬਿਆਂ ‘ਚ 42 ਫ਼ੀਸਦੀ ਆਬਾਦੀ ਰਹਿੰਦੀ ਹੈ। ਕਾਂਗਰਸ ਆਪਣੇ ਦਮ ‘ਤੇ ਜਾਂ ਗੱਠਜੋੜ ਸਹਾਰੇ ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਪੁਡੂਚੇਰੀ ਵਿਚ ਸੱਤਾ ‘ਚ ਹੈ। ਦਸੰਬਰ ‘ਚ ਹੋਈਆਂ ਚੋਣਾਂ ਵਿਚ ਝਾਰਖੰਡ ‘ਚ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੀ 7 ਸੂਬਿਆਂ ‘ਚ ਸਰਕਾਰ ਹੈ।