-ਸਕੂਲਾਂ, ਕਾਲਜਾਂ, ਵਿਭਾਗਾਂ, ਸੰਸਥਾਵਾਂ ਦੀਆਂ ਬਾਹਰੀ ਦੀਵਾਰਾਂ ਨੂੰ ਸ਼ਾਨਦਾਰ ਪੇਟਿੰਗ ਦੇ ਨਾਲ ਸਜਾਇਆ ਜਾਵੇ: ਡਿਪਟੀ ਕਮਿਸ਼ਨਰ
-ਕੋਈ ਵੀ ਦੀਵਾਰ ਬਿਨ੍ਹਾਂ ਰੰਗ ਤੋਂ ਛੱਡੀ ਨਾ ਜਾਵੇ: ਕਮਿਸ਼ਨਰ ਨਗਰ ਨਿਗਮ
-ਕਿਸੇ ਵੀ ਵਿਭਾਗ ਵਿੱਚ ਸਿੰਗਲ ਯੂਜ ਪਲਾਸਟਿਕ ਦਾ ਪ੍ਰਯੋਗ ਨਹੀਂ ਹੋਵੇਗਾ- ਡਿਪਟੀ ਕਮਿਸ਼ਨਰ
ਪਟਿਆਲਾ, 3 ਦਸੰਬਰ ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਦੇਸ਼ ਭਰ ਵਿੱਚ ਚਲਾਏ ਜਾ ਰਹੇ ਸਵੱਛਤਾ ਅਭਿਆਨ ਦੇ ਤਹਿਤ ਪਟਿਆਲਾ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਮਰ ਕਸਦੇ ਹੋਏ ਸ਼ਹਿਰ ਦੀ ਖੁਬਸੂਰਤ, ਬੀਮਾਰੀ ਤੋਂ ਮੁਕਤ ਸਵੱਛ ਬਣਾਉਣ ਦੇ ਉਪਾਏ ਸ਼ੁਰੂ ਕਰ ਦਿੱਤੇ ਹਨ। ਇਸ ਦੇ ਤਹਿਤ ਅੱਜ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਇੱਕ ਉਚ ਪੱਧਰੀ ਮੀਟਿੰਗ ਦਾ ਅਯੋਜਿਨ ਕੀਤਾ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ, ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਪ੍ਰਮੱਖ ਸੰਸਥਾਵਾਂ ਤੋਂ ਨੁਮਾਇੰਦਿਆ ਨੇ ਭਾਗ ਲਿਆ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਲ 2017 ਵਿੱਚ ਦੇਸ਼ ਭਰ ਵਿੱਚ ਚਲਾਏ ਗਏ ਸਵੱਛਤਾ ਅਭਿਆਨ ਵਿੱਚ ਪਟਿਆਲਾ ਕਾਫੀ ਪਛੱੜਿਆ ਹੋਇਆ ਸੀ ਸ਼ਹਿਰ ਦਾ ਸਥਾਨ 422 ਵਾਂ ਆਇਆ ਸੀ ਪਰ ਪਿਛਲੇ ਸਮੇਂ ਵਿੱਚ ਕਾਫੀ ਯਤਨ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਸਵੱਛਤਾ ਪੱਖੋਂ ਕਾਫੀ ਸੁਧਾਰ ਹੋਇਆ ਹੈ, ਪਰ ਹੁਣ ਵੀ ਇਸ ਦਿਸ਼ਾ ਵਿੱਚ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ।
ਸ਼੍ਰੀ ਕੁਮਾਰ ਅਮਿਤ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਹੈ ਕਿ ਉਹਨਾਂ ਦੇ ਸਕੂਲ ਤੇ ਕਾਲਜਾਂ ਦੀ ਬਾਹਰੀ ਦੀਵਾਰ ਦੀ ਰੰਗਾਈ ਠੀਕ ਢੰਗ ਨਾਲ ਕੀਤੀ ਗਈ ਹੋਵੇ, ਬਾਥਰੂਮ ਸਾਫ ਹੋਣ, ਇਸ ਤੋਂ ਇਲਾਵਾ ਬਾਥਰੂਮ ਵਿੱਚ ਪ੍ਰਯੋਗ ਹੋਣ ਵਾਲੀ ਸਮੱਗਰੀ ਦਾ ਰਜਿਸਟਰ ਵੀ ਮੈਨਟੇਨ ਹੋਵੇ। ਉਹਨਾਂ ਕਿਹਾ ਕਿ ਸੰਸਥਾ ਦੇ ਅੰਦਰ ਗਿੱਲੇ ਅਤੇ ਸੁੱਕੇ ਕੁੜੇ ਲਈ ਵੱਖਰਾ ਵੱਖਰਾ ਹਰਾ ਤੇ ਨੀਲਾ ਕੂੜਾਦਾਨ ਲੱਗਿਆ ਹੋਵੇ ਅਤੇ ਦਰੱਖਤਾਂ ਦੇ ਸੁੱਕੇ ਪੱਤਿਆਂ ਲਈ ਵੀ ਕੰਪੋਜਿਟ ਪਿੱਟ ਬਣੇ ਹੋਣ। ਉਹਨਾਂ ਕਿਹਾ ਕਿ ਜੇਕਰ ਸੰਸਥਾ ਵਿਖੇ ਕਿਸੇ ਪ੍ਰਕਾਰ ਦਾ ਸੁੱਕਾ ਕੁੜਾ ਹੈ ਜਿਸ ਵਿੱਚ ਰੱਦੀ ਆਦਿ ਸ਼ਾਮਲ ਹੈ ਦੇ ਵੇਚਣ ਦਾ ਰਿਕਾਰਡ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਸਥਾ ਦੇ ਕਿਸੇ ਵੀ ਸਮਾਗਮ ਵਿੱਚ ਸਿੰਗਲ ਯੂਜ ਪਲਾਸਟਿਕ ਦਾ ਪ੍ਰਯੋਗ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼ਹਿਰ ਨੂੰ ਵੀ ਪਲਾਸਟਿਕ ਫਰੀ ਬਣਾਉਣ ਲਈ ਪਲਾਸਟਿਕ ਦਾ ਪ੍ਰਯੋਗ ਕਿਸੇ ਵੀ ਸਮਾਗਮ ਜਾਂ ਰੋਜ਼ਮਰਾ ਦੇ ਕੰਮ ਕਾਰ ਲਈ ਨਹੀਂ ਕੀਤਾ ਜਾਵੇਗਾ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਹਫਤੇ ਦੌਰਾਨ ਆਪਣੇ ਦਫ਼ਤਰ ਦੀਆਂ ਬਾਹਰਲੀਆਂ ਦੀਵਾਰਾਂ ਦਾ ਰੰਗ ਰੋਗਨ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਫੋਨ ਵਿੱਚ ਸਵੱਛਤਾ ਐਪ ਡਾਊਨਲੋਡ ਕਰਨ ਅਤੇ ਸਵੱਛਤਾ ਪ੍ਰਤੀ ਆਪਣੀ ਫੀਡ ਬੈਕ ਦੇਣ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀ ਲਗਾਤਾਰ ਸਾਰੇ ਵਿਭਾਗਾਂ ਵਿੱਚ ਜਾ ਕੇ ਬਾਥਰੂਮਾਂ ਸਮੇਤ ਸਵੱਛਤਾ ਸਬੰਧੀ ਹਰ ਪੱਖ ਤੋਂ ਜਾਇਜਾ ਲੈਣਗੇ ਅਤੇ ਇਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ। ਉਹਨਾਂ ਕਿਹਾ ਕਿ ਸਵੱਛਤਾ ਸਰਵੇਖਣ ਦੇ ਤਹਿਤ ਜਿਸ ਸਕੂਲ ਤੇ ਕਾਲਜ ਨੇ ਆਪਣੀ ਬਾਹਰੀ ਦੀਵਾਰ ਚੰਗੇ ਤਰੀਕੇ ਨਾਲ ਸਜਾਇਆ ਉਸਨੂੰ ਸਰਵੋਤਮ ਬਾਹਰੀ ਦੀਵਾਰ ਪੁਰਸਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਰੀਸਾਇਕਲ ਪਲਾਸਟਿਕ ਦਾ ਉਪਯੋਗ ਬਿਲਕੁਲ ਬੰਦ ਕਰਨਾ ਹੈ। ਉਹਨਾਂ ਕਿਹਾ ਕਿ 5 ਦਸੰਬਰ ਨੂੰ ਦੁਬਾਰਾ ਸਮੀਖਿਆ ਕੀਤੀ ਜਾਵੇਗੀ ਅਤੇ 13 ਦਸੰਬਰ ਤੱਕ ਹਰ ਵਿਭਾਗ ਵੱਲੋਂ ਸਵੱਛਤਾ ਸਬੰਧੀ ਕੋਈ ਨਾ ਕੋਈ ਗਤੀਵਿਧੀ ਜਰੂਰ ਚਲਾਈ ਜਾਵੇ। ਇਸ ਸਬੰਧ ਵਿੱਚ ਰੋਜ਼ਾਨਾਂ ਰਿਪੋਰਟ swachhcitypatiala@gmail.com, swachhmanch.in ‘ਤੇ ਭੇਜੀ ਜਾਵੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ, ਸਹਾਇਕ ਕਮਿਸ਼ਨਰ ਸ਼੍ਰੀਮਤੀ ਇਸ਼ਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀਮਤੀ ਇਨਾਇਤ ਗੁਪਤਾ, ਸਹਾਇਕ ਕਮਿਸ਼ਨਰ ਸ਼੍ਰੀ ਟੀ.ਬੈਨਿਥ (ਯੂ.ਟੀ.), ਸਮੂਹ ਐਸ.ਡੀ.ਐਮ., ਡਾਕ ਵਿਭਾਗ ਤੋਂ ਸ਼੍ਰੀਮਤੀ ਆਰਤੀ ਵਰਮਾ, ਸਿਵਲ ਸਰਜਨ ਤੋਂ ਹਰੀਸ਼ ਮਲਹੋਤਰਾ, ਡੀ.ਐਸ.ਪੀ. ਸ਼੍ਰੀ ਪੁਨੀਤਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।