ਸੇਂਟ ਪੀਟਰਜ਼ਬਰਗ – ਆਖ਼ਰੀ ਮਿੰਟਾਂ ਵਿੱਚ ਮੋਰਾਕੋ ਦੇ ਅਜੀਜ਼ ਬੋਹਾਦੋਜ਼ ਦੇ ਆਤਮਘਾਤੀ ਗੋਲ ਦੀ ਬਦੌਲਤ ਇਰਾਨ ਨੇ ਫੀਫਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਅੱਜ 1-0 ਨਾਲ ਜਿੱਤ ਦਰਜ ਕੀਤੀ ਤਾਂ ਜੇਤੂ ਟੀਮ ਦੇ ਖਿਡਾਰੀਆਂ ਦੇ ਜਸ਼ਨ ਨੂੰ ਦੇਖ ਕੇ ਲੱਗਿਆ ਮੰਨੋ ਉਨ੍ਹਾਂ ਨੇ ਵਿਸ਼ਵ ਕੱਪ ਜਿੱਤ ਲਿਆ ਹੋਵੇ। ਗੋਲਰਹਿਤ ਡਰਾਅ ਵੱਲ ਵੱਧਦਾ ਦਿਖ ਰਿਹਾ ਇਹ ਮੈਚ ਨਾਟਕੀ ਢੰਗ ਨਾਲ ਖ਼ਤਮ ਹੋਇਆ ਜਦੋਂ ਬੋਹਾਦੋਜ਼ ਨੇ ਇੰਜੁਰੀ ਟਾਈਮ ਵਿੱਚ ਗਲਤੀ ਕਰ ਦਿੱਤੀ ਜੋ ਮੋਰਾਕੋ ’ਤੇ ਭਾਰੀ ਪੈ ਗਈ। ਗਰੁੱਪ ‘ਬੀ’ ਵਿੱਚ ਸਪੇਨ ਤੇ ਪੁਰਤਗਾਲ ਵਰਗੀਆਂ ਮਜ਼ਬੂਤ ਟੀਮਾਂ ਵੀ ਸ਼ਾਮਲ ਹਨ। ਬੋਹਾਦੋਜ਼ ਗੋਲ ਦੇ ਪਾਸ ਇਰਾਨੀ ਸਟਰਾਈਕਰ ਦਾ ਸ਼ਾਟ ਬਚਾਉਣ ਲਈ ਦੌੜਿਆ ਸੀ ਪਰ ਉਸ ਦਾ ਹੈਡਰ ਆਪਣੇ ਗੋਲ ਦੇ ਅੰਦਰ ਹੀ ਚਲਾ ਗਿਆ। ਗੋਲ ਹੁੰਦੇ ਹੀ ਇਰਾਨ ਦੇ ਖਿਡਾਰੀ ਖੁਸ਼ੀ ਨਾਲ ਝੂਮ ਪਏ, ਮੰਨੋ ਵਿਸ਼ਵ ਕੱਪ ਹੀ ਜਿੱਤ ਲਿਆ ਹੋਵੇ। ਪਹਿਲੇ ਅੱਧ ਵਿੱਚ ਮੋਰਾਕੋ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਇਰਾਨ ਨੂੰ ਮੌਕੇ ਨਹੀਂ ਮਿਲੇ। ਹਾਕਿਮ ਜਿਆਚ, ਅਯੂਬ ਅਲ ਕਾਬੀ ਤੇ ਮਹਿਦੀ ਬੇਨਾਤੀਆ ਗੋਲ ਨਹੀਂ ਕਰ ਸਕੇ। ਇਰਾਨ ਨੇ ਉਹੀ ਲੈਅ ਦਿਖਾਈ ਜੋ ਚਾਰ ਸਾਲ ਪਹਿਲਾਂ ਅਰਜੇਨਟੀਨਾ ਖ਼ਿਲਾਫ਼ ਨਜ਼ਰ ਆਈ ਸੀ ਪਰ ਅਰਜੇਨਟੀਨਾ ਕੋਲ ਲਿਓਨੈਲ ਮੈਸੀ ਸੀ।
