ਚੰਡੀਗੜ੍ਹ – ਆਪ’ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪਰਾਲੀ ਸਾੜਨ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਪਰਾਲੀ ਨੂੰ ਜ਼ਮੀਨ ‘ਚ ਹੀ ਦਫਨ ਕਰਨ ਲਈ ਜ਼ਰੂਰੀ ਮਸ਼ੀਨਰੀ ਉਪਲੱਬਧ ਕਰਾਉਣ ‘ਚ ਪੂਰੀ ਤਰ੍ਹਾਂ ਫੇਲ ਹੋਈ ਹੈ ਅਤੇ ਇਸ ਦਾ ਗੁੱਸਾ ਕਿਸਾਨਾਂ ‘ਤੇ ਕੱਢਿਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਸਰਕਾਰ ਆਪਣੀ ਨਾਕਾਮੀ ਦੀ ਭਰਪਾਈ ਕਿਸਾਨਾਂ ‘ਤੇ ਆਰਥਿਕ ਜੁਰਮਾਨੇ ਲਾ ਕੇ ਕਰਨ ਦੀ ਨੀਤੀ ਨੂੰ ਤਿਆਗੇ ਕਿਉਂਕਿ ਪਰਾਲੀ ਸਾੜਨਾ ਪੰਜਾਬ ਦੇ ਕਿਸਾਨਾਂ ਦੀ ਮਜ਼ਬੂਰੀ ਹੈ ਅਤੇ ਹੁਣ ਤੱਕ ਇੰਝ ਹੀ 101 ਕਿਸਾਨਾਂ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਨੇ ਲਗਭਗ ਢਾਈ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਖਹਿਰਾ ਨੇ ਕਿਹਾ ਕਿ ਕਿਸਾਨ ਵੀ ਸਾਫ਼ ਵਾਤਾਵਰਣ ਦੇ ਪੱਖ ‘ਚ ਹਨ ਅਤੇ ਪਰਾਲੀ ਨੂੰ ਸਾੜਨ ਦਾ ਸਮਰਥਨ ਨਹੀਂ ਕਰਦੇ ਪਰ ਮੌਜੂਦਾ ਹਾਲਾਤ ‘ਚ ਕਿਸਾਨਾਂ ਦੇ ਕੋਲ ਚਾਰਾ ਵੀ ਨਹੀਂ ਹੈ ਕਿਉਂਕਿ ਸਰਕਾਰ ਉਨ੍ਹਾਂ ਨੂੰ ਮਸ਼ੀਨਰੀ, ਸਬਸਿਡੀ ਜਾਂ ਵਿੱਤੀ ਸਹਾਇਤਾ ਦੇਣ ‘ਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਇਕ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠਾਂ ਹਨ, ਅਜਿਹੇ ‘ਚ ਸਰਕਾਰ ਉਨ੍ਹਾਂ ਤੋਂ ਕਿਵੇਂ ਉਮੀਦ ਕਰ ਸਕਦੀ ਹੈ ਕਿ ਉਹ ਪਰਾਲੀ ਨੂੰ ਜ਼ਮੀਨ ‘ਚ ਹੀ ਖਤਮ ਕਰਨ ‘ਤੇ 5-6 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖਰਚ ਕਰਨਗੇ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਸਾੜੇ ਜਾਣ ਨਾਲ ਸਿਰਫ 8 ਫ਼ੀਸਦੀ ਪ੍ਰਦੂਸ਼ਣ ਹੁੰਦਾ ਹੈ ਜਦਕਿ 92 ਫ਼ੀਸਦੀ ਪ੍ਰਦੂਸ਼ਣ ਇੰਡਸਟਰੀ, ਭਾਰੀ ਵਾਹਨਾਂ ਆਦਿ ਨਾਲ ਹੁੰਦਾ ਹੈ।

