* ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35ਏ ਨੂੰ ਹਟਾਉਣਾ, ਤਿੰਨ ਤਲਾਕ ਖਤਮ ਕਰਨਾ ਅਤੇ ਕਰਤਾਰਪੁਰ ਲਾਂਘਾ ਖੋਲ੍ਹਣਾ ਮੋਦੀ ਸਰਕਾਰ ਦੀਆਂ ਵੱਡੀ ਪ੍ਰਾਪਤੀਆਂ
* ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਲਈ ਸਮੇਂ ਸਿਰ ਲਿਆ ਗਿਆ ਸਹੀ ਫੈਸਲਾ
ਸੁਨਾਮ ਊਧਮ ਸਿੰਘ ਵਾਲਾ, 6 ਜੂਨ (ਸੁਭਾਸ਼ ਭਾਰਤੀ):
ਭਾਰਤੀਯ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ ਦੀ ਅਗਵਾਈ ਹੇਠ ਪਾਰਟੀ ਦਫਤਰ ਸੁਨਾਮ ਵਿਖੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪਰਵੀਨ ਬਾਂਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਪਾਰਟੀ ਵਰਕਰਾਂ ਵਿੱਚ ਜੋਸ਼ ਪੈਦਾ ਕੀਤਾ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪਰਵੀਨ ਬਾਂਸਲ ਨੇ ਮੋਦੀ ਸਰਕਾਰ 2.0 ਦੀਆਂ ਪ੍ਰਾਪਤੀਆਂ ਦੇ ਇੱਕ ਸਾਲ ਦੇ ਸਫਲ ਕਾਰਜਕਾਲ ਦੇ ਪੂਰਾ ਹੋਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਮੋਦੀ ਸਰਕਾਰ ਦਾ ਦੂਜਾ ਕਾਰਜਕਾਲ ਕਈ ਇਤਿਹਾਸਕ ਫੈਸਲਿਆਂ ਦਾ ਗਵਾਹ ਹੈ। ਇਸ ਇਕ ਸਾਲ ਦੇ ਕਾਰਜਕਾਲ ਵਿੱਚ ਦਹਾਕਿਆਂ ਤੋਂ ਲਟਕ ਰਹੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ, ਜੋ ਦੇਸ਼ ਦੇ ਗੌਰਵਮਈ ਇਤਿਹਾਸ ਵਿਚ ਨਸੂਰ ਬਣੀਆਂ ਹੋਈਆਂ ਸਨ ਅਤੇ ਦੇਸ਼ ਦੇ ਵਿਕਾਸ ਅਤੇ ਰਾਸ਼ਟਰੀ ਹਿੱਤ ਵਿੱਚ ਮੋਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸੂਚੀ ਬਹੁਤ ਲੰਬੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਵੈ-ਮਾਣ ਨਾਲ ਭਾਰਤ ਦਾ ਅਕਸ ਸਾਰੇ ਵਿਸ਼ਵ ਵਿਚ ਵੱਖਰਾ ਅਤੇ ਫੈਸਲਾਕੁੰਨ ਵਜੋਂ ਦੇਖਿਆ ਗਿਆ ਹੈ। ਪਿਛਲੇ ਛੇ ਸਾਲਾਂ ਵਿੱਚ ਮੋਦੀ ਸਰਕਾਰ ਨੇ ਸੱਤ ਦਹਾਕਿਆਂ ਤੋਂ ਚੱਲ ਰਹੀਆਂ ਇਤਿਹਾਸਕ ਗਲਤੀਆਂ ਨੂੰ ਸੁਧਾਰਿਆ ਹੈ, ਪਰ ਇਸ ਪਾੜੇ ਨੂੰ ਭਰਦੀਆਂ ਵਿਸ਼ਵਾਸ ਦੇ ਨਾਲ ਅਗਾਂਹ ਵਧਾਉਂਦੇ ਹੋਏ ਇੱਕ ਸਵੈ-ਨਿਰਭਰ ਭਾਰਤ ਦੀ ਨੀਂਹ ਰੱਖਣ ਦੀ ਇੱਕ ਸਫਲ ਕੋਸ਼ਿਸ਼ ਕੀਤੀ ਹੈ। ਇਮਾਨਦਾਰ ਅਗਵਾਈ ਅਤੇ ਅਣਥੱਕ ਮਿਹਨਤ ਦਾ ਪ੍ਰਤੀਬਿੰਬ ਹੀ ਹੈ, ਜੋ ਭਾਰਤ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਮੋਦੀ `ਤੇ ਅਟੁੱਟ ਵਿਸ਼ਵਾਸ ਹੈ।
ਪਰਵੀਨ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਭਲਾਈ ਦੇ ਕੰਮਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ “ਸਵੈ-ਨਿਰਭਰ ਭਾਰਤ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਵੀ ਤਿਆਰੀ ਕੀਤੀ ਹੈ। ਬਾਂਸਲ ਨੇ ਕਿਹਾ ਕਿ ਪਹਿਲੇ ਕਾਰਜਕਾਲ ਵਿੱਚ ਮੋਦੀ ਸਰਕਾਰ ਨੇ ਬੁਨਿਆਦੀ ਢਾਂਚੇ, ਵਿਕਾਸ ਅਤੇ ਆਰਥਿਕ ਸੁਧਾਰਾਂ ’ਤੇ ਧਿਆਨ ਕੇਂਦਰਿਤ ਕੀਤਾ ਸੀ, ਦੂਜੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਸਰਕਾਰ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਮਾਜਿਕ ਅਤੇ ਆਰਥਿਕ ਨਿਆਂ ਪ੍ਰਤੀ ਕਦਮ ਚੁੱਕੇ ਹਨ। ਜੰਮੂ-ਕਸ਼ਮੀਰ ਨਾਲ ਸਬੰਧਤ ਧਾਰਾਵਾਂ 370 ਅਤੇ 35ਏ ਨੂੰ ਹਟਾਉਣ ਦੇ ਪ੍ਰਭਾਵਸ਼ਾਲੀ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਕਸ਼ਮੀਰ ਵਿਚ ਇੱਕ ਦੇਸ਼, ਇੱਕ ਕਾਨੂੰਨ ਅਤੇ ਇੱਕ ਨਿਸ਼ਾਨ ਲਾਗੂ ਕਰ ਸਾਰਾ ਦੇਸ਼ ਇੱਕ ਕਰ ਦਿੱਤਾ ਅਤੇ ਇਸ ਸਮੇਂ ਦੌਰਾਨ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰ ਸ਼ਾਸਿਤ ਸੂਬੇ ਬਣਾ ਦਿੱਤਾ। ਇਸੇ ਤਰ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਕਰਦਿਆਂ ਵਿਸ਼ਵ ਭਰ ਵਿੱਚ ਫੈਲੀ ਸੰਗਤ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ, ਜਿਸ ਲਈ ਭਾਜਪਾ ਪੰਜਾਬ ਮੋਦੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਜਿਵੇਂ ਹੀ ਨਰਿੰਦਰ ਮੋਦੀ ਦੀ ਸਰਕਾਰ ਆਈ, ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਬਾਹਰ ਕੱਢਣਾ ਇਹ ਪਹਿਲਾ ਕਦਮ ਚੁੱਕਿਆ ਅਤੇ `ਮੁਸਲਿਮ ਵੂਮੈਨ ਮੈਰਿਜ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਬਿਲ -2018` ਨੂੰ ਲੋਕ ਸਭਾ ਅਤੇ ਰਾਜ ਸਭਾ ਨੇ ਪਾਸ ਕਰਵਾਇਆ ਅਤੇ 1 ਅਗਸਤ 2019 ਤੋਂ ਇਸਨੂੰ ਇਕ ਕਾਨੂੰਨੀ ਜੁਰਮ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 10 ਜਨਵਰੀ 2020 ਨੂੰ ਨਾਗਕਿਰਤਾ ਸੋਧ ਐਕਟ ਲਾਗੂ ਕੀਤਾ, ਤਾਂ ਜੋ ਪਾਕਿਸਤਾਨ, ਅਫਗਾਨਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਵਸਦੇ ਹਿੰਦੂ, ਸਿੱਖ, ਬੋਧੀ, ਪਾਰਸੀ ਅਤੇ ਯਹੂਦੀ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਸਕਣ, ਇਸਦੇ ਵਿਰੋਧ ਵਿੱਚ ਵਿਰੋਧੀ ਧਿਰਾਂ ਨੇ ਗੁੰਮਰਾਹਕੁੰਨ, ਰਾਜਨੀਤਿਕ ਪ੍ਰੇਰਿਤ ਅੰਦੋਲਨ ਅਤੇ ਮੁਜ਼ਾਹਰੇ ਕੀਤੇ, ਪਰ ਇਸਦੇ ਬਾਵਜੂਦ ਮੋਦੀ ਸਰਕਾਰ ਨੇ ਆਪਣੇ ਕਦਮ ਪਿੱਛੇ ਨਹੀਂ ਖਿੱਚੇ। ਬਾਂਸਲ ਨੇ ਕਿਹਾ ਕਿ ਸਵਰਨਾਂ ਦੇ ਰਾਖਵੇਂਕਰਨ ਦੀ ਮੰਗ ਦੇਸ਼ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਸੀ, ਪਰ ਕਿਸੇ ਵੀ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਹੱਥ ਨਹੀਂ ਦਿੱਤਾ। ਮੋਦੀ ਸਰਕਾਰ ਨੇ ਜਨਵਰੀ 2019 ਵਿੱਚ ਆਪਣੇ ਪਹਿਲੇ ਕਾਰਜਕਾਲ ਦੇ ਆਖਰੀ ਸਮੇਂ ਵਿੱਚ ਸਵਰਨ ਭਾਈਚਾਰੇ ਨੂੰ ਆਰਥਿਕ ਅਧਾਰ ’ਤੇ 10% ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ।
ਬਾਂਸਲ ਨੇ ਕਿਹਾ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਵਿਸ਼ਵ ਦੇ ਸਾਰੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਮਜ਼ਬੂਤ ਹੋਏ ਹਨ ਅਤੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਅਤੇ ਭਾਰਤ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਹੈ। ਮੋਦੀ ਨੇ 60 ਤੋਂ ਵੱਧ ਦੇਸ਼ਾਂ ਦਾ ਦੌਰਾ ਕੀਤਾ ਹੈ ਅਤੇ ਬਹੁਤ ਸਾਰੇ ਵਪਾਰਕ ਸਮਝੌਤੇ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਸੰਬੋਧਿਤ ਕੀਤਾ ਹੈ। ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ-ਧਨ ਯੋਜਨਾ ਤਹਿਤ ਦੇਸ਼ ਭਰ ਵਿੱਚ 31.31 ਕਰੋੜ ਲੋਕਾਂ ਦੇ ਖਾਤੇ ਖੋਲ੍ਹ ਦਿੱਤੇ ਹਨ, ਜੋ ਕਿ ਅੱਜ ਤੱਕ ਕਿਸੇ ਵੀ ਦੇਸ਼ ਦੀ ਸਰਕਾਰ ਨੇ ਨਹੀਂ ਕੀਤਾ। ਇਸ ਨਾਲ ਮੋਦੀ ਸਰਕਾਰ ਨੇ ਦੇਸ਼ ਦੇ ਗਰੀਬਾਂ ਨੂੰ ਗੈਸ ਚੁੱਲ੍ਹੇ `ਤੇ ਖਾਣਾ ਪਕਾਉਣ ਦੇ ਯੋਗ ਬਣਾਉਣ ਲਈ ਉਜਵਲਾ ਯੋਜਨਾ ਤਹਿਤ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ 11 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਅਤੇ ਗੈਸ ਚੁੱਲ੍ਹੇ ਮੁਫਤ ਵੰਡੇ ਗਏ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਘਰ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ 2017 ਵਿੱਚ ‘ਸੌਭਾਗਿਆ ਯੋਜਨਾ’ ਦੀ ਸ਼ੁਰੂਆਤ ਕੀਤੀ ਸੀ ਅਤੇ ਹਰ ਘਰ ਨੂੰ ਬਿਜਲੀ ਪਹੁੰਚਾਉਣ ਵਿੱਚ ਸਫਲ ਰਹੀ ਹੋਈ। ਮੋਦੀ ਸਰਕਾਰ ਦੇ ਕੇਂਦਰੀ ਸ਼ਹਿਰੀ ਅਤੇ ਆਵਾਸ ਮੰਤਰਾਲੇ ਵਲੋਂ ਸਾਲ 2018 ਵਿੱਚ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਤਹਿਤ ਇੱਕ ਕਰੋੜ ਮਕਾਨਾਂ ਦੀ ਉਸਾਰੀ ਦਾ ਟੀਚਾ ਮਿਥਿਆ ਗਿਆ ਸੀ, ਜਿਸਨੂੰ 2022 ਤੱਕ ਪੂਰਾ ਕੀਤਾ ਜਾਵੇਗਾ। ਦੇਸ਼ ਦੇ ਹਰ ਵਿਅਕਤੀ ਦੇ ਬਿਹਤਰ ਇਲਾਜ ਲਈ ਮੋਦੀ ਸਰਕਾਰ ਨੇ ‘ਆਯੂਸ਼ਮਾਨ ਭਾਰਤ ਯੋਜਨਾ’ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਗਰੀਬ ਪਰਿਵਾਰ ਦਾ ਹਰ ਮੈਂਬਰ ਸਰਕਾਰੀ ਜਾਂ ਨਿੱਜੀ ਹਸਪਤਾਲ ਵਿੱਚ ਪੰਜ ਲੱਖ ਰੁਪਏ ਸਲਾਨਾ ਤੱਕ ਦਾ ਆਪਣਾ ਇਲਾਜ ਫਰੀ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਪਰਛਾਵੇਂ ਹੇਠ ਰਹਿਣ ਲਈ ਮਜ਼ਬੂਰ ਹੈ, ਪਰ ਜਿਥੇ ਵਿਸ਼ਵ ਦੇ ਸ਼ਕਤੀਸ਼ਾਲੀ ਅਖਵਾਉਣ ਵਾਲੇ ਵੱਡੇ ਦੇਸ਼ ਇਸ ਮਹਾਂਮਾਰੀ ਕਾਰਨ ਆਪਣੇ ਆਪ ਨੂੰ ਬੇਵੱਸ ਸਮਝ ਰਹੇ ਹਨ, ਉਥੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਵਿਚ ਸਥਿਤੀ ਕਾਫ਼ੀ ਬਿਹਤਰ ਹੈ। ਪ੍ਰਧਾਨਮੰਤਰੀ ਮੋਦੀ ਨੇ ਲੋਕਾਂ ਦੀ ਭਾਗੀਦਾਰੀ, ਜਨਤਕ ਸਮਰਥਨ ਅਤੇ ਸਮੇਂ ਸਿਰ ਸਹੀ ਕਦਮ ਚੁੱਕਣ ਵਰਗੇ ਕਈ ਸੰਵੇਦਨਸ਼ੀਲ ਫੈਸਲੇ ਲਏ, ਜਿਸ ਕਾਰਨ ਭਾਰਤ ਇਸ ਲੜਾਈ ਵਿੱਚ ਦੁਨੀਆ ਦੀ ਅਗਵਾਈ ਕਰਦਿਆਂ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿਚ ਮਦਦ ਵੀ ਪਹੁੰਚਾਈ। ਕੋਰੋਨਾ ਸੰਕਟ ਦੇ ਸਮੇਂ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਪ੍ਰਣਾਲੀ, 500 ਕਰੋੜ ਦੀਆਂ ਤਿੰਨ ਕਿਸ਼ਤਾਂ 20 ਕਰੋੜ ਜਨ-ਧਨ ਖਾਤਾ ਧਾਰਕਾਂ ਔਰਤਾਂ ਦੇ ਖਾਤਿਆਂ ਵਿੱਚ ਭੇਜੀ ਅਤੇ ਬਜ਼ੁਰਗਾਂ ਅਤੇ ਅਪਾਹਜਾਂ ਅਤੇ ਵਿਧਵਾਵਾਂ ਦੇ ਖਾਤਿਆਂ ਵਿੱਚ 1000 ਰੁਪਏ ਦੀ ਵਿੱਤੀ ਸਹਾਇਤਾ ਭੇਜੀ ਗਈ ਹੈ। ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਰਥਿਕਤਾ ਨੂੰ ਮੁੜ ਲੀਹ `ਤੇ ਲਿਆਉਣ ਲਈ 20 ਲੱਖ ਕਰੋੜ ਦਾ ਆਰਥਿਕ ਪੈਕੇਜ ਦਿੱਤਾ ਹੈ ਤਾਂ ਜੋ ਉਦਯੋਗ, ਵਪਾਰ ਅਤੇ ਖੇਤੀਬਾੜੀ ਨੂੰ ਇਸ ਸੰਕਟ ਤੋਂ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪੈਕੇਜ ਨਾਲ ਨਾ ਸਿਰਫ ਨੌਕਰੀਆਂ ਬਚਨਗੀਆਂ ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਸਭ ਤੋਂ ਵੱਧ ਸਨਮਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਤੋਂ ਯੂਏਈ ਤੱਕ ਦੇ ਸਾਰੇ ਇਸਲਾਮਿਕ ਦੇਸ਼ਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਇਸ ਤੋਂ ਇਲਾਵਾ ਇਸਲਾਮਿਕ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਵੀ ਬਹੁਤ ਮਜ਼ਬੂਤ ਹੋ ਗਏ ਹਨ, ਨਤੀਜੇ ਵਜੋਂ ਵਿਸ਼ਵ ਭਰ ਦੇ ਦੇਸ਼ਾਂ ਨੇ ਕਸ਼ਮੀਰ ਮੁੱਦੇ `ਤੇ ਭਾਰਤ ਦਾ ਸਮਰਥਨ ਕੀਤਾ। ਪਰਵੀਨ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵ-ਗੁਰੂ ਅਤੇ ਵਿਸ਼ਵ-ਸ਼ਕਤੀ ਬਣਨ ਲਈ ਤਿਆਰ ਹੈ ਅਤੇ ਇਹ ਸੁਪਨਾ ਵੀ ਜਲਦੀ ਪੂਰਾ ਹੋ ਜਾਵੇਗਾ। ਇਸ ਤੋਂ ਪਹਿਲਾਂ ਜਿਲਾ ਟੀਮ ਵੱਲੋਂ ਪਰਵੀਨ ਬਾਂਸਲ ਦਾ ਸਿਰੋਪਾ ਪਾ ਕੇ ਸਨਮਾਨ ਭੀ ਕੀਤਾ। ਇਸ ਮੌਕੇ ਤੇ ਜਿਲ੍ਹਾ ਪ੍ਰਭਾਰੀ ਗੁਰਮੀਤ ਸਿੰਘ ਬਾਵਾ, ਸੂਬਾ ਕਾਰਜਕਾਰਨੀ ਮੈਂਬਰ ਵਿਨੋਦ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਸ਼ੈਲੀ ਬਾਂਸਲ, ਅਸ਼ਵਨੀ ਸਿੰਗਲਾ, ਜ਼ਿਲਾ ਮੀਤ ਪ੍ਰਧਾਨ ਮਨਪ੍ਰੀਤ ਨਮੋਲ, ਜ਼ਿਲ੍ਹਾ ਸਕੱਤਰ ਯੋਗੇਸ਼ ਗਰਗ, ਲਾਜਪਤ ਰਾਏ ਗਰਗ, ਮੰਡਲ ਪ੍ਰਧਾਨ ਅਸ਼ੋਕ ਗੋਇਲ, ਭਗਵਾਨ ਦਾਸ ਕਾਂਸਲ, ਸ਼ੰਕਰ ਬਾਂਸਲ, ਯੁਵਾ ਮੋਰਚਾ ਜਿਲਾ ਪ੍ਰਧਾਨ ਅੰਮ੍ਰਿਤਰਾਜਦੀਪ ਸਿੰਘ ਚੱਠਾ ਅਤੇ ਭਾਜਪਾ ਦੇ ਹੋਰ ਵਰਕਰ ਵੀ ਹਾਜ਼ਰ ਸਨ।

