ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ
-ਡਿਜ਼ੀਟਲ ਪੇਰੈਂਟ ਮਾਰਗਦਰਸ਼ਕ ਤੇ ਸਾਰਿਆਂ ਲਈ ਕਲਾ ਪ੍ਰੋਗਰਾਮ ਤਹਿਤ ਸਨਮਾਨ ਸਮਾਰੋਹ
-ਬੱਚਿਆਂ ਤੇ ਮਾਪਿਆਂ, ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰਾਂ ਤੇ ਅਧਿਆਪਕਾਂ ਦਾ ਸਨਮਾਨ
ਪਟਿਆਲਾ, 15 ਦਸੰਬਰ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਦੇਖ-ਰੇਖ ਹੇਠ ਲਾਕਡਾਊਨ ਤੇ ਕੋਰੋਨਾ ਵਾਇਰਸ ਦੀ ਸੰਕਟ ਦੀ ਘੜੀ ਵਿੱਚੋਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹੋਰ ਮਜ਼ਬੂਤ ਹੋ ਕੇ ਅੱਗੇ ਲਿਆਉਣ ਲਈ ਮੀਰਾਕੀ ਫਾਊਂਡੇਸ਼ਨ ਦੀ ਮਦਦ ਨਾਲ ਅਰੰਭੇ ‘ਡਿਜ਼ੀਟਲ ਪੇਰੈਂਟ ਮਾਰਗਦਰਸ਼ਕ’ ਤੇ ‘ਸਾਰਿਆਂ ਲਈ ਕਲਾ’ ਮਿਸ਼ਨ ਨੂੰ ਵੱਡੇ ਪੱਧਰ ‘ਤੇ ਸਫ਼ਲਤਾ ਮਿਲੀ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸੀ ਕਿ ਜਦੋਂ ਸਕੂਲ ਤੇ ਆਂਗਣਵਾੜੀ ਸੈਂਟਰ ਬੰਦ ਹੋਣ ਤਾਂ ਅਜਿਹੇ ‘ਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਵਿਹਲੇ ਸਮੇਂ ਨੂੰ ਰੁਝੇਵੇਂ ਭਰਪੂਰ ਬਣਾਇਆ ਜਾ ਸਕੇ ਅਤੇ ਨਾਲ ਹੀ ਇਨ੍ਹਾਂ ਨੂੰ ਕੁਝ ਨਵਾਂ ਵੀ ਸਿਖਾਇਆ ਜਾ ਸਕੇ।
ਡਾ. ਪ੍ਰੀਤੀ ਯਾਦਵ ਨੇ ਅੱਜ ‘ਡਿਜ਼ੀਟਲ ਪੇਰੈਂਟ ਮਾਰਗਦਰਸ਼ਕ’ ਅਤੇ ‘ਸਾਰਿਆਂ ਲਈ ਕਲਾ’ ਪ੍ਰੋਗਰਾਮ ਤਹਿਤ ਇੱਥੇ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਛੋਟੇ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰਾਂ, ਸੀਡੀਪੀਓਜ ਅਤੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ। ਉਨ੍ਹਾਂ ਦੇ ਨਾਲ ਐਕਸਟਰਾ ਸਹਾਇਕ ਕਮਿਸ਼ਨਰ (ਯੂ.ਟੀ.) ਜਗਨੂਰ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਤੇ ਡਿਪਟੀ ਡੀਈਓ ਮਨਵਿੰਦਰ ਕੌਰ ਤੇ ਮੀਰਾਕੀ ਫਾਊਂਡੇਸ਼ਨ ਤੋਂ ਸੀਮੰਤ ਡਡਵਾਲ ਵੀ ਮੌਜੂਦ ਸਨ।
ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕੋਰੋਨਾਵਾਇਰਸ ਦੇ ਸਮੇਂ ਆਪਣੇ ਰੋਜ਼ਾਨਾ ਰੁਝੇਂਵਿਆਂ ਦੇ ਬਾਵਜੂਦ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਸਿੱਟੇ ਵਜੋਂ ਪਟਿਆਲਾ ਜ਼ਿਲ੍ਹੇ ‘ਚ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਅੱਜ ਪੰਜਾਬ ਦੇ 22 ਜ਼ਿਲ੍ਹਿਆਂ ‘ਚ ਲਾਗੂ ਕੀਤਾ ਗਿਆ ਹੈ ਅਤੇ ਪਟਿਆਲਾ ਮੋਢੀ ਜ਼ਿਲ੍ਹੇ ਵਜੋਂ ਸਾਹਮਣੇ ਆਇਆ ਹੈ। ਏ.ਡੀ.ਸੀ. ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਹਰੇਕ ਭਾਗੀਦਾਰੀ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ।
ਇਸ ਮੌਕੇ ਮੀਰਾਕੀ ਫਾਊਂਡੇਸ਼ਨ ਦੇ ਨੁਮਾਇੰਦੇ ਸੀਮੰਤ ਡਡਵਾਲ ਨੇ ਦੱਸਿਆ ਕਿ ਅਪ੍ਰੈਲ ‘ਚ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਪਹਿਲੇ 90 ਦਿਨਾਂ ਦੌਰਾਨ ਇਸ ਪ੍ਰੋਗਰਾਮ ਨੂੰ 5 ਲੱਖ ਵਿਯੂ ਮਿਲੇ, 6200 ਘੰਟੇ ਇਸ ਨੂੰ ਦੇਖਿਆ ਗਿਆ ਅਤੇ 59 ਹਜ਼ਾਰ ਮਾਪੇ ਇਸ ਨਾਲ ਜੁੜੇ। ਜਦੋਂਕਿ ਹੁਣ ਤੱਕ ਇਸ ਪ੍ਰੋਗਰਾਮ ਨੂੰ ਵੱਡੀ ਸਫ਼ਲਤਾ ਮਿਲੀ ਅਤੇ ਪਿਛਲੇ 90 ਦਿਨਾਂ ‘ਚ 10 ਲੱਖ ਤੋਂ ਵਧੇਰੇ ਵਿਯੂ ਮਿਲੇ, 1.25 ਲੱਖ ਮਾਪੇ ਜੁੜੇ ਅਤੇ ਇਸ ‘ਚ ਅਪਲੋਡ ਹੋਈਆਂ ਵੀਡੀਓਜ ਨੂੰ 13000 ਘੰਟੇ ਤੋਂ ਵਧੇਰੇ ਵਧ ਸਮੇਂ ਲਈ ਦੇਖਿਆ ਗਿਆ।
ਜਗਨੂਰ ਸਿੰਘ ਗਰੇਵਾਲ ਨੇ ਕਿਹਾ ਕਿ ਕੋਰੋਨਾਵਾਇਰਸ ਕਰਕੇ ਲਾਗੂ ਤਾਲਾਬੰਦੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨਾਲ ਜੁੜਕੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਆਚਰਣ ਉਸਾਰੀ, ਸਿੱਖਿਆ ਤੇ ਭਾਸ਼ਾ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਘਰ ਬੈਠੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਮੀਰਾਕੀ ਫਾਊਡੇਸ਼ਨ ਦੇ ਸਹਿਯੋਗ ਨਾਲ ਅਰੰਭੇ ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਤਣਾਅ ਰਹਿਤ ਤੇ ਉਸਾਰੂ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਲਾਕਡਾਊਨ ਦੀਆਂ ਛੁੱਟੀਆਂ ਦਾ ਲਾਭ ਉਠਾਉਣ ਲਈ ਜੋੜਿਆ ਗਿਆ ਸੀ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੁਮਾਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਕਰਕੇ ਲਾਗੂ ਲਾਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਘਰ ਬੈਠੇ ਬਿਠਾਏ ਸਿੱਖਿਆ ਅਤੇ ਜਿੰਦਗੀ ਦੇ ਹੁਨਰ ਸਿਖਾਉਣ ਲਈ ਸ਼ੁਰੂ ਕੀਤੇ ਡਿਜ਼ੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਮੌਕੇ ਸੀਡੀਪੀਓਜ ਸੁਪ੍ਰੀਤ ਬਾਜਵਾ, ਰਾਹੁਲ ਅਰੋੜਾ, ਅਰਵਿੰਦਰ ਸਿੰਘ ਭੱਟੀ, ਮਨਪ੍ਰੀਤ ਸਿੰਘ, ਕੰਵਰ ਸ਼ਕਤੀ ਸਿੰਘ ਤੇ ਉਰਵਸ਼ੀ ਗੋਇਲ ਸਮੇਤ ਹੋਰ ਮੌਜੂਦ ਸਨ।
I/118088/2020
******
ਫੋਟੋ ਕੈਪਸ਼ਨ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ‘ਡਿਜ਼ੀਟਲ ਪੇਰੈਂਟ ਮਾਰਗਦਰਸ਼ਕ’ ਅਤੇ ‘ਸਾਰਿਆਂ ਲਈ ਕਲਾ’ ਪ੍ਰੋਗਰਾਮ ਤਹਿਤ ੇ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਮਾਪਿਆਂ ਤੇ ਬੱਚਿਆਂ ਦਾ ਸਨਮਾਨ ਕਰਦੇ ਹੋਏ। ਉਨ੍ਹਾਂ ਨਾਲ ਜਗਨੂਰ ਸਿੰਘ ਗਰੇਵਾਲ ਤੇ ਨਰੇਸ਼ ਕੰਬੋਜ ਨਜ਼ਰ ਆ ਰਹੇ ਹਨ।
