ਤਰਨਤਾਰਨ 19 ਅਗਸਤ (ਰਣਬੀਰ ਸਿੰਘ ) : ਸਥਾਨਕ ਮੁਰਾਦਪੁਰਾ ਮੁੱਹਲਾ ਵਿਖੇ ‘ਆਪ’ ਦੇ ਵਰਕਰਾਂ ਵੱਲੋਂ ਸਿਆਸੀ ਰੰਜਿਸ਼ ਦੇ ਚੱਲਦਿਆਂ ਇੱਕ ਕਾਂਗਰਸੀ ਵਰਕਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁੱਝ ਵਰਕਰਾਂ ਵੱਲੋਂ ਇਕ-ਦੂਜੇ ‘ਤੇ ਪੱਥਰ ਅਤੇ ਬੋਤਲਾਂ ਨਾਲ ਹਮਲਾ ਵੀ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਅਤੇ ਥਾਣਾ ਸਿਟੀ ਮੁਖੀ ਜਸਵੰਤ ਸਿੰਘ ਭੱਟੀ ਨੇ ਸਣੇ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਕੇ ਮਾਹੌਲ ਨੂੰ ਛਾਂਤ ਕਰਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ‘ਆਪ’ ਆਗੂ ਗੁਰਦੇਵ ਸਿੰਘ ਸੰਧੂ ਅਤੇ ਉਸ ਦੇ ਪੁੱਤਰ ਰਹਿਮਤ ਸੰਧੂ ਸਮੇਤ ਵੱਡੀ ਗਿਣਤੀ ‘ਚ ਵਰਕਰਾਂ ਵੱਲੋਂ ਲੋਕਾਂ ਦਾ ਬਿਜਲੀ ਬਿੱਲ ਮੁਆਫ਼ ਕਰਨ ਸਬੰਧੀ ਫਾਰਮ ਆਦਿ ਭਰਨ ਲਈ ਇੱਕਠ ਕੀਤਾ ਗਿਆ ਸੀ।ਇਸ ਦੌਰਾਨ ਮੁਰਾਦਪੁਰਾ ਦੇ ਵਾਰਡ ਇੰਚਾਰਜ ਕਾਂਗਰਸੀ ਨੇਤਾ ਤਰਸੇਮ ਸਿੰਘ ਗਿੱਲ ਦਾ ਪੁੱਤਰ ਹਿਮਾਂਸ਼ੂ ਗਿੱਲ (17) ਆਪਣੇ ਕਿਸੇ ਕੰਮ ਲਈ ਬਜ਼ਾਰ ਜਾ ਰਿਹਾ ਸੀ। ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਆਪ’ ਦੇ ਗੁਰਦੇਵ ਸਿੰਘ ਸੰਧੂ, ਰਹਿਮਤ ਸੰਧੂ, ਸੋਨੂੰ ਝੰਡੇਰ, ਲਖਵਿੰਦਰ ਸਿੰਘ ਫੌਜੀ, ਸੁਖਦੇਵ ਸਿੰਘ ਸੰਧੂ, ਨਵਦੀਪ ਸਿੰਘ ਅਰੋੜਾ, ਅੰਜੂ ਵਰਮਾਂ ਆਦਿ ਵਰਕਰਾਂ ਵੱਲੋਂ ਉਸ ਨੂੰ ਕਾਂਗਰਸੀ ਲੀਡਰ ਹੋਣ ਦੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਉਸ ਉਪਰ ਗੋਲੀ ਚਲਾ ਦਿੱਤੀ ਅਤੇ ਇੱਕ ਗੋਲੀ ਉਸ ਦੀ ਲੱਤ ’ਚ ਜਾ ਵੱਜੀ।ਜ਼ਖਮੀ ਹਾਲਤ ’ਚ ਹਿਮਾਂਸ਼ੂ ਨੂੰ ਸਰਕਾਰੀ ਹਸਤਪਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਉਧਰ ਸਿਵਲ ਹਸਪਤਾਲ ਵਿਖੇ ‘ਆਪ’ ਆਗੂ ਗੁਰਦੇਵ ਸਿੰਘ ਸੰਧੂ ਸਣੇ ਵਰਕਰ ਸਿਵਲ ਹਸਪਤਾਲ ਵਿਖੇ ਪੁੱਜੇ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਕਈ ਤਰਾਂ ਦੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ, ਸੰਦੀਪ ਦੋਦੇ, ਕੇਵਲ ਕਪੂਰ ਸਣੇ ਕਾਂਗਰਸੀ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।ਉਧਰ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਜ਼ਖਮੀ ਹਿਮਾਂਸ਼ੂ ਗਿੱਲ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਅਤੇ ਆਪ ਵਰਕਰਾਂ ਦੇ ਸਿਵਲ ਹਸਪਤਾਲ ਵਿਖੇ ਹੋਏ ਇੱਕਠ ਨਾਲ ਮਾਹੌਲ ਤਣਾਅ ਪੂਰਨ ਬਣ ਗਿਆ।