ਬਰਨਾਲਾ, 7 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਕਈ ਕਿਸਾਨਾਂ ਨੇ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਆਸ ਹੈ ਕਿ ਆਉਂਦੇ ਸਮੇਂ ਵਿਚ ਇਹ ਤਕਨੀਕ ਹੋਰ ਪ੍ਰਫੁੱਲਿਤ ਹੋਵੇਗੀ। Çਂੲਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਨ ਮੌਕੇ ਕੀਤਾ ਗਿਆ।
ਡਾ. ਬਲਦੇਵ ਸਿੰਘ ਵੱਲੋਂ ਕਿਸਾਨ ਹਰਪ੍ਰੀਤ ਸਿੰਘ, ਹਾਕਮ ਸਿੰਘ ਤੇ ਸੁਖਦੀਪ ਸਿੰਘ ਹੰਡਿਆਇਆ (ਜਿਨ੍ਹਾਂ ਨੇ 30 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਤੇ ਪਰਮਿੰਦਰ ਸਿੰਘ ਰਾਮ ਸਿੰਘ ਪਿੰਡ ਧੌਲਾ ਜਿਨ੍ਹਾਂ ਨੇ 13 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ 21 ਦਿਨਾਂ ’ਤੇ ਪਹਿਲਾ ਪਾਣੀ ਲਗਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਸਿਰਫ ਖੇਤ ਵਿੱਚ ਵੱਤਰ ਨੂੰ ਬਰਕਰਾਰ ਰੱਖਣ ਲਈ, ਮਿੱਟੀ ਦੀ ਕਿਸਮ ਅਤੇ ਮੌਸਮ ਅਨੁਸਾਰ 7 ਤੋਂ 10 ਦਿਨ ਦੇ ਵਕਫੇ ’ਤੇ ਹਲਕੇ ਪਾਣੀ ਦਿੰਦੇ ਰਹੋ। ਖੇਤਾਂ ਵਿੱਚ ਪਾਣੀ ਖੜ੍ਹਾ ਨਾ ਕਰੋ, ਕਿਉਂਕਿ ਇਸ ਨਾਲ ਫਸਲ ਨੂੰ ਨੁਕਸਾਨ ਹੁੰਦਾ ਹੈ। ਪਾਣੀ ਖੜ੍ਹਾ ਕਰਨ ਨਾਲ ਖੁਰਾਕੀ ਤੱਕ ਖਾਸ ਤੌਰ ’ਤੇ ਨਾਈਟ੍ਰੋਜਨ ਜ਼ਮੀਨ ਵਿੱਚ ਹੀ ਹੇਠਾਂ ਜੀਰ ਜਾਂਦੇ ਹਨ ਅਤੇ ਬੂਟਾ ਇਨ੍ਹਾਂ ਨੂੰ ਨਹੀਂ ਲੈ ਸਕਦਾ, ਜਿਸ ਕਰਕੇ ਫਸਲ ਦੇ ਪੀਲਾ ਪੈਣ ਦੇ ਆਸਾਰ ਵਧਦੇ ਹਨ, ਦੂਸਰਾ ਜ਼ਿਆਦਾ ਪਾਣੀ ਦੇਣ ਨਾਲ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਵੀ ਵਧਦੀ ਹੈ ਅਤੇ ਬਿਮਾਰੀਆਂ ਦੀ ਹਮਲਾ ਵਧ ਸਕਦਾ ਹੈ। ਇਸ ਤੋਂ ਇਲਾਵਾ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਤਰੇੜਾਂ ਨਹੀਂ ਫਟਦੀਆਂ। ਖਰਚਾ ਵੀ ਘੱੱਟ ਹੁੰਦਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੁੰਦੀ ਹੈ।
ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਵੱਲੋਂ ਸਰਦਾਰ ਜਗਸੀਰ ਸਿੰਘ ਅਤੇ ਕੌਰ ਸਿੰਘ ਪਿੰਡ ਕੋਠੇ ਗੋਬਿੰਦਪੁਰ ਦੇ ਖੇਤਾਂ ਦਾ ਵੀ ਦੌਰਾ ਕੀਤਾ, ਜਿੱਥੇ ਕਿਸਾਨ ਨੇ 5.5 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਕਿਸਾਨ ਦੀ ਫਸਲ ਪੀਲੀ ਹੋਣ ਦੇ ਸਬੰਧ ਵਿਚ ਮੁੱਖ ਖੇਤੀਬਾੜੀ ਅਫਸਰ ਵੱਲੋਂ ਹੱਲ ਦੱਸਿਆ ਗਿਆ ਅਤੇ ਭਰੋਸਾ ਦਵਾਇਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖੇਤੀ ਸਲਾਹ ਲਈ ਕਿਸਾਨ ਵਿਭਾਗ ਨਾਲ ਸੰਪਰਕ ਕਰਨ।