* ਪਟਿਆਲਾ ਪੁਲਿਸ ਦੇ ਸਾਇਬਰ ਸੈਲ ਦੀ ਸੋਸ਼ਲ ਮੀਡੀਆ ‘ਤੇ ਬਾਜ ਅੱਖ-ਸਿੱਧੂ
* ਕੋਰੋਨਾਵਾਇਰਸ ਕਰਕੇ ਸਖ਼ਤ ਡਿਊਟੀ ਦੇ ਬਾਵਜੂਦ ਪਟਿਆਲਾ ਪੁਲਿਸ ਪੂਰੀ ਮੁਸਤੈਦ-ਸਿੱਧੂ
ਪਟਿਆਲਾ, 19 ਮਈ (ਪੀਤੰਬਰ ਸ਼ਰਮਾ) : ਪਟਿਆਲਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇੱਕ ਹਥਿਆਰਬੰਦ ਗਿਰੋਹ ਦੇ ਮੈਂਬਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਬਲਜੀਤ ਸਿੰਘ ਵਾਸੀ ਮੋਤੀ ਮੁਹੱਲਾ ਪਟਿਆਲਾ ਨੂੰ .32 ਬੋਰ ਦੇ ਦੋ ਪਿਸਟਲ 5 ਜਿੰਦਾ ਕਾਰਤੂਸ ਤੇ ਖਾਲੀ ਰੌਂਦ ਸਮੇਤ ਇੱਕ .315 ਬੋਰ ਦੇਸੀ ਕੱਟਾ ਦੋ ਜਿੰਦਾ ਰੌਂਦਾਂ ਸਮੇਤ ਦਬੋਚਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਪੁਲਿਸ ਲਾਇਨ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਇਹ ਸਫ਼ਲਤਾ ਪਟਿਆਲਾ ਪੁਲਿਸ ਦੇ ਸਾਇਬਰ ਸੈਲ ਵੱਲੋਂ ਸੋਸ਼ਲ ਮੀਡੀਆ ਉਪਰ ਰੱਖੀ ਜਾ ਰਹੀ ਬਾਜ ਅੱਖ ਕਰਕੇ ਮਿਲੀ ਹੈ, ਕਿਉਂਕਿ ਇਹ ਵਿਅਕਤੀ ਇੱਕ ਹੋਰ ਧੜੇ, ਹਰਵਿੰਦਰ ਸਿੰਘ ਜੋਈ ਦੇ ਮੈਂਬਰਾਂ ਵਿਰੁੱਧ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਪਾ ਕੇ ਹਥਿਆਰਾਂ ਦੀ ਨੁਮਾਇਸ਼ ਕਰਕੇ ਆਪਣੀ ਪਹਿਚਾਣ ਗੈਂਗਸਟਰ ਵਜੋਂ ਬਣਾਉਂਦਾ ਰਹਿੰਦਾ ਸੀ। ਹਰਪ੍ਰੀਤ ਸਿੰਘ ਹੈਪੀ ਅਤੇ ਹਰਵਿੰਦਰ ਸਿੰਘ ਜੋਈ ਨੇ ਆਪਣੇ ਧੜੇ ਬਣਾਏ ਹੋਏ ਹਨ ਅਤੇ ਇਨ੍ਹਾਂ ਦੋਵਾਂ ਵਿਰੁੱਧ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ ਅਤੇ ਇਹ ਆਪਸ ‘ਚ ਲੜਦੇ ਝਗੜਦੇ ਰਹਿੰਦੇ ਹਨ।
ਸ. ਸਿੱਧੂ ਨੇ ਕਿਹਾ ਕਿ ਪਟਿਆਲਾ ਪੁਲਿਸ ਕੋਰੋਨਾਵਾਇਰਸ ਕਰਕੇ ਬਹੁਤ ਸਖ਼ਤ ਡਿਊਟੀ ਕਰਨ ‘ਚ ਰੁੱਝੀ ਰਹੀ ਸੀ ਪਰੰਤੂ ਮਾੜੇ ਅਨਸਰ ਪੁਲਿਸ ਦੀ ਅੱਖ ਤੋਂ ਬਚ ਨਹੀਂ ਸਕਦੇ ਅਤੇ ਇਸ ਵਿਅਕਤੀ ਦੀ ਗ੍ਰਿਫ਼ਤਾਰੀ ਹੋਣ ਨਾਲ ਕਿਸੇ ਵੱਡੀ ਅਣਸੁਖਾਵੀਂ ਅਤੇ ਮੰਦਭਾਗੀ ਘਟਨਾਂ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਨਾਲ ਹੀ ਇਸ ਗਿਰੋਹ ਦਾ ਵੀ ਪਰਦਾਫਾਸ਼ ਹੋ ਗਿਆ ਹੈ। ਇਨ੍ਹਾਂ ਵਿਰੁੱਧ ਥਾਣਾਂ ਸਿਵਲ ਲਾਇਨ ਵਿਖੇ ਮਿਤੀ 18 ਮਈ 2020 ਨੂੰ ਆਈ.ਪੀ.ਸੀ ਦੀਆਂ ਧਾਰਾ 307, 341, 323, 506, 148, 149 ਤੇ ਅਸਲਾ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ. ਸਿਟੀ-1 ਸ੍ਰੀ ਯੋਗੇਸ਼ ਸ਼ਰਮਾ ਦੀ ਨਿਗਰਾਨੀ ਹੇਠ ਥਾਣਾ ਸਿਵਲ ਲਾਇਨ ਦੇ ਮੁਖੀ ਇੰਸਪੈਕਟਰ ਸ੍ਰੀ ਰਾਹੁਲ ਕੌਸ਼ਲ ਦੀ ਪੁਲਿਸ ਪਾਰਟੀ ਨੇ ਹਰਪ੍ਰੀਤ ਹੈਪੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਇਹ ਹਥਿਆਰਾਂ ਨਾਲ ਲੈਸ ਹੋਕੇ ਸ਼ਹਿਰ ਵਿੱਚ ਕੋਈ ਜਾਨੀ ਨੁਕਸਾਨ ਕਰਨ ਦੀ ਫ਼ਿਰਾਕ ਵਿੱਚ ਘੁੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਬਾਕੀ ਸਾਥੀ ਮੈਂਬਰਾਂ ਇੰਦਰਪ੍ਰੀਤ ਸਿੰਘ, ਰਿਸ਼ੂ, ਹੈਰੀ ਬੌਕਸਰ ਦਰਸ਼ਨ ਬਾਬਾ ਅਤੇ ਹੋਰਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸ. ਸਿੱਧੂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਨਜ਼ਰ ਰੱਖਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਿਸੇ ਉਸਾਰੂ ਕੰਮਾਂ ਲਈ ਕੀਤੀ ਜਾਵੇ ਨਾ ਕਿ ਬਦਮਾਸ਼ੀ ਲਈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਦੀਆਂ ਟੀਮਾਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮਾਂ ਉਪਰ ਬਾਜ ਅੱਖ ਰੱਖੀ ਜਾ ਰਹੀ ਹੈ ਅਤੇ ਕੋਈ ਵੀ ਮਾੜਾ ਅਨਸਰ ਪੁਲਿਸ ਤੋਂ ਬਚ ਨਹੀਂ ਸਕੇਗਾ ਅਤੇ ਅਜਿਹੇ ਅਪਰਾਧੀਆਂ ਦੀ ਥਾਂ ਸਲਾਖਾਂ ਪਿੱਛੇ ਹੈ। ਇਸ ਮੌਕੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਡੀ.ਐਸ.ਪੀ. ਸਿਟੀ-1 ਸ੍ਰੀ ਯੋਗੇਸ਼ ਸ਼ਰਮਾ ਅਤੇ ਥਾਣਾ ਸਿਵਲ ਲਾਇਨ ਦੇ ਮੁਖੀ ਇੰਸਪੈਕਟਰ ਸ੍ਰੀ ਰਾਹੁਲ ਕੌਸ਼ਲ ਵੀ ਮੌਜੂਦ ਸਨ।