ਚੰਡੀਗੜ੍ਹ, 15 ਜੁਲਾਈ (ਸ਼ਿਵ ਨਾਰਾਇਣ ਜਾਂਗੜਾ): ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨਾਲ ਨਵਗਠਿਤ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਭਾਰਤ ਭੂਸ਼ਣ ਬਿੰਟਾ ਅਤੇ ਹੋਰ ਅਹੁਦੇਦਾਰ ਨੇ ਅਨਾਜ ਭਵਨ ਸੈਕਟਰ-39, ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਮੁਲਾਕਾਤ ਕੀਤੀ।
ਮੀਟਿੰਗ ਦੌਰਾਨ ਵਫ਼ਦ ਨੇ ਪੈਡੀ 2020-21 ਲਈ ਨਵੀਂ ਪੰਜਾਬ ਕਸਟਮ ਪਾਲਿਸੀ ਵਿੱਚ ਕੁਝ ਤਬਦੀਲੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਸੀਜ਼ਨ ਦੇ ਅਖੀਰ ਵਿੱਚ ਸਮੁੱਚੀ ਲੈਵੀ ਸਕਿਊਰਿਟੀ (ਵਾਪਸੀ ਯੋਗ ਅਤੇ ਨਾ ਵਾਪਸੀਯੋਗ) ਮਿੱਲਰ ਨੂੰ ਵਾਪਸ ਕਰਨ, ਸੀਐਮਆਰ ਨਾਲ ਸਬੰਧਤ ਸਮੁੱਚੇ ਮਿਲਿੰਗ ਬਿੱਲ, ਗਰੀਨ ਜ਼ੋਨ ਕਲਾਸੀਫਿਕੇਸ਼ਨ, ਬੈਂਕ ਗਾਰੰਟੀ, ਬਾਰਦਾਣੇ ਉਤੇ ਵਰਤੋਂ ਚਾਰਜ, ਝੋਨੇ ਤੇ ਲਾਗੂ ਮਾਲ ਭਾੜੇ ਦਾ ਮੁੱਦਾ ਸਮੇਤ ਕਈ ਹੋਰ ਮੁੱਦਿਆਂ ਸਬੰਧੀ ਆਪਣੀਆਂ ਮੰਗਾਂ ਸਬੰਧੀ ਮੰਤਰੀ ਨੂੰ ਜਾਣੂੰ ਕਰਵਾਇਆ।
ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਮੰਗਾਂ ਗੌਰ ਨਾਲ ਸੁਣਨ ਉਪਰੰਤ ਮੰਤਰੀ ਨੇ ਰਾਈਸ ਮਿੱਲਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਨਿਯਮਾਂ ਅਨੁਸਾਰ ਹਮਦਰਦੀ ਨਾਲ ਵਿਚਾਰਣ ਦਾ ਭਰੋਸਾ ਦਿੱਤਾ।