ਚੰਡੀਗੜ, 18 ਜੁਲਾਈ (ਸ਼ਿਵ ਨਾਰਾਇਣ ਜਾਂਗੜਾ) : ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਛੱਤਬੀੜ ਚਿੜੀਆਘਰ ਅਤੇ ਚਾਰ ਹੋਰ ਚਿੜੀਆਘਰਾਂ: ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਨੀਲੋ ਨੂੰ ਮਿਤੀ 20 ਜੁਲਾਈ 2021 ਤੋਂ ਕੋਵਿਡ ਸਬੰਧੀ ਸਾਵਧਾਨੀਆਂ ਦੀ ਸਖ਼ਤ ਪਾਲਣਾ ਨਾਲ ਮੁੜ ਖੋਲਣ ਦਾ ਐਲਾਨ ਕੀਤਾ ਗਿਆ ਹੈ।
ਇਹ ਫੈਸਲਾ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਅਤੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਹਫਤੇ ਵਿਚ 6 ਦਿਨ (ਸੋਮਵਾਰ ਨੂੰ ਬੰਦ) ਲੋਕਾਂ ਲਈ ਸਵੇਰੇ 9:30 ਵਜੇ ਤੋਂ ਸਾਮ 4:30 ਵਜੇ ਤੱਕ (9.00 ਸਵੇਰ ਤੋਂ ਸਾਮ 5 ਵਜੇ ਤੱਕ ਦੀ ਬਜਾਏ) ਖੁੱਲੇਗਾ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੈਲਾਨੀ ਸਮਾਜਿਕ ਦੂਰੀ , ਸੀਮਤ ਗਿਣਤੀ ਅਤੇ ਸਟੈਗਰਡ ਐਂਟਰੀ ਅਨੁਸਾਰ ਚਿੜੀਆਘਰ ਵਿੱਚ ਦਾਖਲ ਹੋਣਗੇ। ਬੁਲਾਰੇ ਨੇ ਦੱਸਿਆ ਕਿ ਚਿੜੀਆਘਰ ਵਿੱਚ ਆਮ ਸਥਿਤੀ ਦੇ ਮੁੜ ਬਹਾਲ ਹੋਣ ਤੱਕ ਵੱਖ- ਵੱਖ ਸਲਾਟਾਂ ਵਿੱਚ ਸਿਰਫ ਸੀਮਤ ਗਿਣਤੀ ਵਿੱਚ ਟਿਕਟਾਂ ਉਪਲਬਧ ਹੋਣਗੀਆਂ ਅਤੇ ਐਂਟਰੀ ਟਿਕਟਾਂ ਦਾਖਲੇ ਤੋਂ ਸਿਰਫ ਦੋ ਘੰਟਿਆਂ ਲਈ ਹੀ ਵਾਜਬ ਹੋਣਗੀਆਂ।
ਚਿੜੀਆਘਰ ਵਿੱਚ ਦਾਖਲਾ ਲੈਣ ਅਤੇ ਹੋਰ ਸਹੂਲਤਾਂ ਲਈ ਟਿਕਟਾਂ ਆਨਲਾਈਨ ਬੁਕਿੰਗ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਿਸਦਾ ਲਿੰਕ ਚਿੜੀਆਘਰ ਦੀ ਵੈਬਸਾਈਟ (chhatbirzoo.gov.in) ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਆਨਲਾਈਨ ਬੁਕਿੰਗ ਨਾ ਕਰਵਾ ਸਕਣ ਵਾਲੇ ਸੈਲਾਨੀਆਂ ਲਈ ਚਿੜੀਆਘਰ ਦੇ ਬੁਕਿੰਗ ਕਾਊਂਟਰ ਵਿੱਚ ਕਿਊਆਰ ਕੋਡ ਪ੍ਰਣਾਲੀ ਅਤੇ ਪੀ.ਓ.ਐਸ. ਮਸ਼ੀਨਾਂ ਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ । ਉਨਾਂ ਕਿਹਾ ਕਿ ਨਿਰਵਿਘਨ ਆਨਲਾਈਨ ਬੁਕਿੰਗ ਲਈ ਛੱਤਬੀੜ ਚਿੜੀਆਘਰ ਦੇ ਦਾਖਲੇ ਵਾਲੇ ਖੇਤਰ ਵਿਚ ਵਾਈ-ਫਾਈ ਹਾਟਸਪੌਟ ਦੀ ਸਹੂਲਤ ਵੀ ਦਿੱਤੀ ਗਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਬੈਟਰੀ ਨਾਲ ਚੱਲਣ ਵਾਲੀਆਂ ਟਰਾਲੀਆਂ (ਬੀ.ਓ.ਟੀ.) ਵੀ ਮੌਕੇ ‘ਤੇ ਉਪਲਬਧ ਹੋਣਗੀਆਂ। ਇਸ ਨੂੰ ਸਿਰਫ ਉਹਨਾਂ ਗਰੁੱਪ ਵਿਜ਼ਟਰਜ਼ / ਪਰਿਵਾਰਕ ਮੈਂਬਰਾਂ ਨੂੰ ਵਰਤਣ ਦੀ ਆਗਿਆ ਹੋਵੇਗੀ, ਜੋ ਸਖਤ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਨਿਰਧਾਰਤ ਸੁਰੱਖਿਆ ਉਪਾਵਾਂ ਨਾਲ ਪੂਰਾ ਬੀਓਟੀ ਵਾਹਨ ਰਿਜਰਵ ਕਰਵਾਇਆ ਹੈ।
ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕੁਝ ਸਹੂਲਤਾਂ ਜਿਵੇਂ ਕਿ ਵਾਈਲਡ ਲਾਈਫ ਸਫਾਰੀ (ਸ਼ੇਰ ਸਫਾਰੀ ਅਤੇ ਹਿਰਨ ਸਫਾਰੀ), ਰਿਪਟਾਇਲ ਹਾਊਸ ਅਤੇ ਚਿੜੀਆਘਰ ਦਾ ਨੌਕਚਰਲ ਹਾਊਸ ਬੰਦ ਰਹੇਗਾ ਜਦੋਂ ਤੱਥ ਸਥਿਤੀ ਮੁੜ ਆਮ ਵਰਗੀ ਨਹੀਂ ਹੋ ਜਾਂਦੀ ।
ਬਿਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਸਵੈ-ਸਫਾਈ ਬਣਾਈ ਰੱਖਣ ਲਈ, ਚਿੜੀਆਘਰ ਵਿਚ ਦਾਖਲ ਹੋਣ ਵਾਲੀਆਂ ਅਤੇ ਹੋਰ ਰਣਨੀਤਕ ਬਿੰਦੂਆਂ ਜਿਵੇਂ ਕਿ ਪਖਾਨੇ, ਪੀਣ ਵਾਲੇ ਪਾਣੀ ਦੀਆਂ ਥਾਵਾਂ, ਰੇਨ ਸ਼ੈਲਟਰਜ਼, ਮਨੋਰੰਜਨ ਵਾਲੀਆਂ ਥਾਵਾਂ ਆਦਿ ਵਿਚ ਮੈਡੀਕੇਟਡ ਫੁੱਟ ਮੈਟ ਅਤੇ ਟੱਚ-ਫ੍ਰੀ ਸੈਂਸਰ ਅਧਾਰਤ ਹੈਂਡ ਵਾਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਚਿੜੀਆਘਰ ਦੇ ਅੰਦਰ ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜਾਂ ਵਰਤਣ ਦੀ ਆਗਿਆ ਨਹੀਂ ਹੋਵੇਗੀ। ਬੁਲਾਰੇ ਨੇ ਕਿਹਾ ਕਿ ਸਕ੍ਰੀਨਿੰਗ ਤੋਂ ਬਾਅਦ ਸਿਰਫ ਪਾਣੀ ਦੀਆਂ ਬੋਤਲਾਂ ਅਤੇ ਦਵਾਈਆਂ ਨੂੰ ਅੰਦਰ ਲਿਜਾਣ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਚਿੜੀਆਘਰ ਨੂੰ ਸਵੇਰੇ 9:30 ਵਜੇ ਤੋਂ 11:30 ਵਜੇ ਦਰਮਿਆਨ ਵੱਧ ਤੋਂ ਵੱਧ 1800 ਦਰਸ਼ਕਾਂ ਲਈ ਖੋਲਿਆ ਜਾਵੇਗਾ ਅਤੇ ਉਸ ਤੋਂ ਬਾਅਦ 11:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸੈਨੀਟਾਈਜੇਸ਼ਨ ਬਰੇਕ ਹੋਵੇਗੀ। ਫਿਰ ਲਗਭਗ 1800 ਵਿਜ਼ਟਰਜ਼ ਲਈ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚਿੜੀਆਰਘਰ ਖੋਲਿਆ ਜਾਵੇਗਾ ਅਤੇ ਦੁਪਹਿਰ 2 ਵਜੇ ਤੋਂ 2:30 ਵਜੇ ਤੱਕ ਇਕ ਵਾਰ ਫਿਰ ਸੈਨੀਟਾਈਜ਼ੇਸ਼ਨ ਬਰੇਕ ਹੋਵੇਗੀ । ਇਸ ਤੋਂ ਬਾਅਦ ਦਰਸ਼ਕਾਂ ਲਈ ਚਿੜੀਆਘਰ ਵਿੱਚ ਦੁਪਹਿਰ 2:30 ਵਜੇ ਤੋਂ ਸ਼ਾਮ 4:30 ਵਜੇ ਤੱਕ ਦਾਖਲ ਹੋ ਸਕਦੇ ਹਨ ਅਤੇ 4:30 ਵਜੇ ਚਿੜੀਆਘਰ ਬੰਦ ਹੋ ਜਾਵੇਗਾ।
ਚਿੜੀਆਘਰ ਵਿੱਚ ਦਾਖਲ ਹੋਣ ਸਬੰਧੀ ਸ਼ਰਤਾਂ
ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਹ ਖੰਘ, ਜੁਕਾਮ ਅਤੇ ਬੁਖਾਰ ਦੇ ਲੱਛਣ ਹੋਣ ਤਾਂ ਚਿੜੀਆਘਰ ਦੇ ਦੌਰੇ ਤੋਂ ਬਚਿਆ ਜਾਵੇ।
65 ਸਾਲ ਤੋਂ ਵੱਧ ਉਮਬ ਦੇ ਵਿਅਕਤੀਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਚਿੜੀਆਘਰ ਵਿੱਚ ਨਾ ਜਾਣ ਲਈ ਬੇਨਤੀ ਕੀਤੀ ਜਾਂਦੀ ਹੈ।
ਸਾਰੇ ਸੈਲਾਨੀ ਚਿੜੀਆਘਰ ਵਿੱਚ ਦਾਖਲ ਹੁੰਦੇ ਹੋਏ ਲਾਜ਼ਮੀ ਰੂਪ ਵਿੱਚ ਚਿਹਰੇ ਦੇ ਮਾਸਕ ਪਹਿਨਣਗੇ।
ਸਾਰੇ ਸੈਲਾਨੀ ਲਾਜ਼ਮੀ ਤੌਰ ‘ਤੇ ਚਿੜੀਆਘਰ ਦੇ ਪ੍ਰਵੇਸ਼ ਦੁਆਰ ‘ਤੇ ਮੈਡੀਕੇਟਡ ਫੁੱਟ ਮੈਟ ਤੋਂ ਹੋ ਕੇ ਲੰਘਣਗੇ।
ਚਿੜੀਆਘਰ ਵਿੱਚ ਦਾਖਲ ਹੋਣ ਵੇਲੇ ਸੈਲਾਨੀਆਂ ਨੂੰ ਸ਼ਰੀਰਕ ਤਾਪਮਾਨ ਦੀ ਸਕੈਨਿੰਗ ਕਰਵਾਉਣੀ ਹੋਵੇਗੀ।
ਸਾਰੇ ਸੈਲਾਨੀ ਚਿੜੀਆਘਰ ਵਿੱਚ ਅਤੇ ਸੈਲਾਨੀ ਸਹੂਲਤਾਂ (ਵਾਸ਼ਰੂਮ, ਪੀਣ ਵਾਲੇ ਪਾਣੀ ਦੀਆਂ ਥਾਵਾਂ, ਕੰਟੀਨ, ਬੈਟਰੀ ਨਾਲ ਚੱਲਣ ਵਾਲੇ ਵਾਹਨ, ਆਦਿ) ਦੀ ਵਰਤੋਂ ਕਰਦਿਆਂ ਸਖਤੀ ਨਾਲ ਸਮਾਜਕ ਦੂਰੀ ਬਣਾਈ ਰੱਖਣਗੇ।
ਚਿੜੀਆਘਰ ਦੇ ਸਟਾਫ ਨਾਲ ਘੱਟੋ -ਘੱਟ ਪਰਸਪਰ ਗੱਲਬਾਤ ਕੀਤੀ ਜਾਵੇ ਅਤੇ ਜੇ ਲੋੜ ਪੈਂਦੀ ਵੀ ਹੈ ਤਾਂ ਸਮਾਜਕ ਦੂਰੀ (ਦੋ ਗਜ਼ ਦੀ ਦੂਰੀ ਹੈ ਜ਼ਰੂਰੀ )ਨੂੰ ਯਕੀਨੀ ਬਣਾਇਆ ਜਾਵੇ।
ਚਿੜੀਆਘਰ ਵਿਚ ਬੈਰੀਕੇਡਾਂ ਅਤੇ ਹੋਰ ਸਤਹਾਂ ਨੂੰ ਛੂਹਣ ਤੋਂ ਗੁਰੇਜ਼ ਕਰੋ ਤਾਂ ਜੋ ਕੋਵਿਡ-19 ਦੇ ਫੈਲਾਅ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।
ਸੈਲਾਨੀਆਂ ਦੀ ਆਵਾਜਾਈ ਸਿਰਫ ਦਰਸਾਏ ਗਏ ਵਿਜ਼ਟਰ ਮਾਰਗਾਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਅਤੇ ਕੋਈ ਮੋੜ-ਘੋੜ ਜਾਂ ਛੋਟੇ ਰਸਤਿਆਂ ਰਾਹੀਂ ਨਾ ਲੰਘਿਆ ਜਾਵੇ।
ਯਾਤਰੀ ਚਿੜੀਆਘਰ ਦੇ ਖੁੱਲੇ ਖੇਤਰਾਂ ਵਿੱਚ ਥੁੱਕਣ ਤੋਂ ਪਰਹੇਜ਼ ਕਰਨ ਅਤੇ ਚਿੜੀਆਘਰ ਵਿੱਚ ਪਾਨ-ਮਸਾਲਾ, ਗੁਟਕਾ, ਖੈਨੀ ਆਦਿ ਥੁੱਕਣ ਦੀ ਆਗਿਆ ਨਹੀਂ ਹੋਵੇਗੀ।
ਕੋਵਿਡ-19 ਮਹਾਂਮਾਰੀ ਕਾਰਨ ਕਲਾਕ ਰੂਮ / ਸਮਾਨ / ਲਾਕਰ ਰੂਮ ਦੀ ਸਹੂਲਤ ਅਸਥਾਈ ਰੂਪ ਵਿੱਚ ਬੰਦ ਕੀਤੀ ਜਾ ਰਹੀ ਹੈ ਯਾਤਰੀਆਂ ਨੂੰ ਸਖਤ ਸਲਾਹ ਦਿੱਤੀ ਜਾਂਦੀ ਹੈ ਕਿ ਉਪਰੋਕਤ-ਸਹੂਲਤ ਦੀ ਲੋੜ ਲਈ ਕੋਈ ਵੀ ਸਮਾਨ ਜਾਂ ਵਸਤੂ ਨਾਲ ਨਾ ਲੈ ਕੇ ਜਾਣ।
ਸਾਰੇ ਸੈਲਾਨੀ ਸੀ.ਸੀ.ਟੀ.ਵੀ ਕੈਮਰੇ ਦੀ ਨਿਗਰਾਨੀ ਅਧੀਨ ਹੋਣਗੇ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪ੍ਰਤੀ ਵਿਅਕਤੀ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।