ਬਰਨਾਲਾ, 3 ਸਤੰਬਰ(ਰਾਕੇਸ਼ ਗੋਇਲ):- ਸਿਹਤ ਵਿਭਾਗ ਬਰਨਾਲਾ ਨੂੰ ਭਾਰਤ ਸਰਕਾਰ ਵੱਲੋਂ ਏਡਜ਼ ਮਰੀਜਾਂ ਦਾ ਇਲਾਜ ਸ਼ੁਰੂ ਕਰਨ ਲਈ ਪੰਜਾਬ ਦਾ 18ਵਾਂ ਏ.ਆਰ.ਟੀ. ਸੈਂਟਰ ਖੋਲਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਏਡਜ਼ ਦੇ ਪੀੜਤ ਮਰੀਜਾਂ ਨੂੰ ਇਲਾਜ ਲਈ ਪਹਿਲਾ ਬਠਿੰਡਾ, ਪਟਿਆਲਾ ਤੇ ਲੁਧਿਆਣਾ ਜਾਣਾ ਪੈਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ ਤੇ ਜਲਦ ਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਏ.ਆਰ.ਟੀ. ਸੈਂਟਰ ਖੋਲ੍ਹਿਆ ਜਾਵੇਗਾ ।
ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਸੱਦੇ ‘ਤੇ ਸਟੇਟ ਪੱਧਰ ਤੋਂ ਇਕ ਵਿਸ਼ੇਸ਼ ਟੀਮ (ਪੰਜਾਬ ਏਡਜ ਕੰਟਰੋਲ ਸੋਸਾਇਟੀ) ਜਿਸ ਵਿੱਚ ਡਾ. ਬੌਬੀ ਗੁਲਾਟੀ ਐਡੀਸ਼ਨਲ ਪ੍ਰੋਜੈਕਟ ਡਾਇਰੈਕਟ, ਡਾ. ਵਿਨੈ ਮੋਹਨ ਜੁਆਇੰਟ ਡਾਇਰੈਕਟਰ ਅਤੇ ਨਤਾਸ਼ਾ ਸ਼ਰਮਾ ਡਿਪਟੀ ਡਾਇਰੈਕਟਰ ਹਾਜ਼ਰ ਸਨ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਆਪਣਾ ਏ.ਆਰ.ਟੀ.ਸੈਂਟਰ ਖੋਲ੍ਹਣ ਸਬੰਧੀ ਦੌਰਾ ਕੀਤਾ ਗਿਆ ਸੀ, ਜਿਸ ਫਲਸਰੂਪ ਅੱਜ ਜ਼ਿਲ੍ਹਾ ਬਰਨਾਲਾ ਨੂੰ ਪੰਜਾਬ ਭਰ ਵਿੱਚੋਂ 18ਵਾਂ ਏ.ਆਰ.ਟੀ.ਸੈਂਟਰ ਖੋਲ੍ਹਣ ਦੀ ਮਨਜ਼ੂਰੀ ਮਿਲ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ ਇਸ ਵੇਲੇ 1061 ਐਚ.ਆਈ.ਵੀ ਪਾਜ਼ੀਟਿਵ ਮਰੀਜ਼ ਹਨ, ਜਿਨ੍ਹਾਂ ਚੋਣ 925 ਮਰੀਜ਼ ਵੱਖ-ਵੱਖ ਏ.ਆਰ.ਟੀ ਕੇਂਦਰਾਂ ਤੋਂ ਦਵਾਈ ਲੈ ਰਹੇ ਹਨ। ਬਰਨਾਲਾ ਦੇ ਜੱਚਾ-ਬੱਚਾ ਹਸਪਤਾਲ ਵਿਖੇ ਜਲਦ ਹੀ ਏ.ਆਰ.ਟੀ ਕੇਂਦਰ ਦੇ ਸ਼ੁਰੂ ਹੋਣ ਨਾਲ ਇਨ੍ਹਾਂ ਮਰੀਜ਼ਾਂ ਨੂੰ ਬਰਨਾਲਾ ਵਿਖੇ ਹੀ ਦਵਾਈਆਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।
ਡਾ. ਔਲ਼ਖ ਨੇ ਦੱਸਿਆ ਕਿ ਏਡਜ਼ ਦੇ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੀਣ ਭਾਵਨਾ ਤੋਂ ਦੂਰ ਇਕ ਨਿਰੋਏ ਇਲਾਜ ਵੱਲ ਲੈ ਕੇ ਜਾਣਾ ਚਾਹੀਦਾ ਹੈ। ਏਡਜ਼ ਪੀੜ੍ਹਤ ਮਰੀਜ ਦੀ ਪਹਿਚਾਣ ਬਿਲਕੁਲ ਗੁਪਤ ਰੱਖੀ ਜਾਂਦੀ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਏ.ਆਰ.ਟੀ. ਸੈਂਟਰ ਦਾ ਖੁੱਲ੍ਹਣਾ ਇਨ੍ਹਾਂ ਮਰੀਜਾਂ ਲਈ ਬਹੁਤ ਵੱਡੀ ਸਹੂਲਤ ਹੋਵੇਗੀ, ਜਿਸ ਨਾਲ ਏਡਜ਼ ਪੀੜ੍ਹਤ ਮਰੀਜਾ ਦੀ ਖੱਜਲ ਖੁਆਰੀ ਘੱਟ ਹੋਵੇਗੀ।