ਮਿਸ਼ਨ ਫਤਿਹ ਤਹਿਤ ਸਾਵਧਾਨੀਆਂ ਅਪਣਾਉਣ ਦਾ ਸੱਦਾ
ਬਰਨਾਲਾ, 28 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ ‘ਪੰਜਾਬ ਨੂੰ ਹੈਪੇਟਾਇਟਸ ਮੁਕਤ ਭਵਿੱਖ’ ਵਿਸ਼ੇ ਤਹਿਤ ਵਿਸ਼ਵ ਹੈਪੇਟਾਇਟਸ ਦਿਵਸ ਮਨਾਇਆ ਗਿਆ। ਇਸ ਦੌਰਾਨ ਮਿਸ਼ਨ ਫਤਿਹ ਤਹਿਤ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਹੈਪੇਟਾਇਟਸ-ਸੀ ਰਿਲੀਫ ਫੰਡ ਸਕੀਮ ਅਧੀਨ ਪੰਜਾਬ ਦੇ ਵਸਨੀਕਾਂ ਲਈ ਮੁਫਤ ਇਲਾਜ ਦੀ ਸਹੂਲਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਹਸਪਤਾਲਾਂ ਅਤੇ ਤਿੰਨ ਮੈਡੀਕਲ ਕਾਲਜਾਂ ਵਿੱਚ ਉਪਲਬਧ ਹੈ, ਜਿੱਥੇ ਟੈਸਟ ਅਤੇ ਇਲਾਜ ਮੁਫਤ ਹੁੰਦਾ ਹੈ। ਡਾਕਟਰ ਮਨਪ੍ਰੀਤ ਸਿੱਧੂ ਐਮ.ਡੀ. ਮੈਡੀਸਨ ਨੇ ਦੱਸਿਆ ਕਿ ਹੈਪੇਟਾਇਟਸ ਜਿਗਰ ਦੀ ਬਿਮਾਰੀ ਹੈ, ਜੋ ਕਿ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ। ਹੈਪੇਟਾਇਟਸ ਏ, ਈ ਦੂਸ਼ਿਤ ਪਾਣੀ ਅਤੇ ਦੂਸ਼ਿਤ ਖਾਣੇ ਨਾਲ ਫੈਲਦਾ ਹੈ ਅਤੇ ਹੈਪੇਟਾਇਟਸ ਬੀ ਅਤੇ ਸੀ ਦੂਸ਼ਿਤ ਸੂਈਆਂ, ਸਰਿੰਜਾਂ, ਦੂਸ਼ਿਤ ਖੂਨ, ਟੈਟੂ ਬਣਾਉਣ, ਉਸਤਰਾ ਅਤੇ ਦੰਦਾਂ ਵਾਲਾ ਬੁਰਸ਼ ਆਦਿ ਸ਼ੇਅਰ ਕਰਨ ਨਾਲ, ਜਨਮ ਸਮੇਂ ਮਾਂ ਤੋਂ ਬੱਚੇ ਨੂੰ ਫੈਲਦਾ ਹੈ।
ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਮਨੀਸ਼ ਨੇ ਦੱਸਿਆ ਕਿ ਇਸ ਦੇ ਲੱਛਣਾਂ ਵਿੱਚ ਬੁਖਾਰ, ਥਕਾਵਟ, ਭੁੱਖ ਦੀ ਕਮੀ, ਜੀ ਕੱਚਾ, ਉਲਟੀਆਂ, ਪਿਸ਼ਾਬ ਜਾਂ ਮਲ ਦਾ ਰੰਗ ਗਾੜਾ ਹੋਣਾ ਅਤੇ ਪੀਲੀਆ ਆਦਿ ਹੋਣਾ ਹੈ, ਜਿਸ ’ਤੇ ਆਪਣੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਦੀ ਰੋਕਥਾਮ ਲਈ ਨਵੇਂ ਜਨਮੇ ਬੱਚਿਆਂ ਨੂੰ ਹੈਪੇਟਾਇਟਸ-ਬੀ ਦਾ ਟੀਕਾਕਰਨ ਜ਼ਰੂਰੀ ਹੈ। ਨੈਸ਼ਨਲ ਵਾਇਰਲ ਹੈਪੇਟਾਇਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਇਟਸ-ਬੀ ਅਤੇ ਸੀ ਦਾ ਇਲਾਜ ਅਤੇ ਟੈਸਟ ਪੰਜਾਬ ਦੇ 22 ਜ਼ਿਲ੍ਹਾ ਹਸਪਤਾਲਾਂ ਅਤੇ 03 ਮੈਡੀਕਲ ਕਾਲਜਾਂ ’ਚ ਮੁਫਤ ਚੱਲ ਰਿਹਾ ਹੈ।