ਪਟਿਆਲਾ, 19 ਮਈ (ਪੀਤੰਬਰ ਸ਼ਰਮਾ) : ਪੰਜਾਬ ਵਿੱਚ ਕੋਵਿਡ-19 ਮਹਾਂਮਾਰੀ ਵਿੱਚ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਡੀ.ਜੀ.ਪੀ. ਸ੍ਰੀ ਵੀ. ਕੇ. ਭਾਵੜਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਕਮਾਡੈਂਟ ਰਾਏ ਸਿੰਘ ਧਾਲੀਵਾਲ ਨੂੰ ਡੀ.ਜੀ.ਪੰਜਾਬ ਹੋਮ ਗਾਰਡਜ਼ ਕੋਮੈਂਡੇਂਸਨ ਡਿਸਕ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਮਾਡੈਂਟ ਧਾਲੀਵਾਲ ਨੂੰ ਪਹਿਲਾਂ ਵੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਚੰਗੀਆਂ ਸੇਵਾਵਾਂ ਬਦਲੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਹੋਰ ਕਈ ਡੀ.ਜੀ.ਪੀਜ ਵੱਲੋਂ ਵੀ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਸ੍ਰੀ ਵੀ. ਕੇ. ਭਾਵੜਾ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਮੁਹਰਲੀ ਕਤਾਰ ਵਿੱਚ ਬੇਖ਼ੌਫ ਅਤੇ ਦਲੇਰੀ ਨਾਲ ਕੰਮ ਕਰ ਰਹੇ ਪੰਜਾਬ ਦੇ 31 ਹੋਮ ਗਾਰਡਜ਼ ਕਰਮਚਾਰੀ 23 ਵਲੰਟੀਅਰ ਅਤੇ 25 ਸਿਵਲ ਡਿਫੈਂਸ ਕਰਮਚਾਰੀਆਂ ਨੂੰ ਵੀ ਸਨਮਾਨ ਦੇਣ ਲਈ ਚੁਣਿਆ ਹੈ। ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਜਵਾਨਾਂ ਵੱਲੋਂ ਇਸ ਵਿਲੱਖਣ ਸਨਮਾਨ ਲਈ ਡੀ.ਜੀ.ਪੀ.ਭਾਵੜਾ ਦਾ ਸਮੁੱਚੇ ਤੌਰ ਤੇ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਦੀ ਕਮਾਂਡ ਅਧੀਨ ਵੱਧ ਤੋਂ ਵੱਧ ਅਨੁਸ਼ਾਸਨ ਵਿੱਚ ਰਹਿ ਕੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਦਾ ਭਰੋਸਾ ਵੀ ਦਿਵਾਇਆ।