ਪਟਿਆਲਾ, 9 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਕੱਚੇ ਕਾਮਿਆਂ ਲਈ ਵਧੀਆ ਫ਼ੈਸਲੇ ਲਏ ਜਾਣਗੇ, ਇਹਨਾ ਸ਼ਬਦਾਂ ਦਾ ਪ੍ਰਗਟਾਵਾ ਅੱਜ ਕੱਚੇ ਕਾਮਿਆਂ ਦੇ ਧਰਨੇ ਤੇ ਪਹੁੰਚੇ ਆਮ ਆਦਮੀ ਪਾਰਟੀ ਵਪਾਰ ਵਿੰਗ ਪੰਜਾਬ ਦੇ ਜੋਆਇੰਟ ਸੈਕਟਰੀ ਅਤੇ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਜਿਹੜੇ ਕੱਚੇ ਮੁਲਾਜਿਮ ਕੰਮ ਕਰਦੇ ਹਨ ਉਹਨਾਂ ਨੂੰ ਪੱਕੇ ਕਰਨ ਲਈ ਲੋੜੀਂਦੀ ਕਰਵਾਈ ਕਰਕੇ ਸਾਰੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ।
ਕੁੰਦਨ ਗੋਗੀਆ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਵਲੋਂ 2017 ਦੀਆਂ ਚੋਣਾਂ ਵੇਲੇ ਪੰਜਾਬ ਦੇ ਕੱਚੇ ਕਾਮਿਆਂ ਨਾਲ ਕਾਂਗਰਸ ਦੀ ਸਰਕਾਰ ਬਣਨ ਤੇ ਉਹਨਾ ਨੂੰ ਪੱਕੇ ਕੀਤੇ ਜਾਣ ਦੇ ਵਾਅਦੇ ਨੂੰ ਸਚਾਈ ਤੋਂ ਬਿਲਕੁਲ ਉਲਟ ਦੱਸਿਆ। ਉਹਨਾਂ ਨੇ ਕਿਹਾ, ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਬਜਾਏ ਜੇਕਰ ਓਹ ਆਪਣਾ ਹੱਕ ਮੰਗਦੇ ਹਨ ਤਾਂ ਸਰਕਾਰ ਦੇ ਹੁਕਮਾਂ ਦੇ ਪੁਲਿਸ ਪ੍ਰਸ਼ਾਸਨ ਵਲੋਂ ਉਹਨਾਂ ਤੇ ਜਬਰ ਜ਼ੁਲਮ ਕੀਤਾ ਜਾਂਦਾ ਹੈ। ਪਟਿਆਲਾ ਸ਼ਹਿਰ ਵਿੱਚ ਹਰ ਰੋਜ਼ ਮੁੱਖ ਮੰਤਰੀ ਦੇ ਨਿਵਾਸ ਸਥਾਨ ਦੇ ਬਾਹਰ ਪੁਲਿਸ ਵਲੋਂ ਹਰ ਰੋਜ਼ ਕੱਚੇ ਕਾਮਿਆਂ, ਬੇਰੁਜ਼ਗਾਰ ਅਧਿਆਪਕਾਂ ਅਤੇ ਆਪਣੇ ਹੱਕਾਂ ਨੂੰ ਲੈਣ ਵਾਸਤੇ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਜਾਂਦਾ। ਕੁੰਦਨ ਗੋਗੀਆ ਨੇ ਦੋ ਦਿਨ ਪਹਿਲਾਂ ਦੀ ਘਟਨਾ ਦਾ ਜਿਕਰ ਕਰਦਿਆਂ ਦੱਸਿਆ ਕਿ ਜਦੋਂ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਬਰਨਾਲਾ ਬਾਈ ਪਾਸ ਦੇ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਰੱਖਣ ਲਈ ਸ਼ਾਂਤਮਈ ਧਰਨਾ ਲਗਾਇਆ ਗਿਆ ਸੀ। ਪਰ ਮਨਪ੍ਰੀਤ ਬਾਦਲ ਨੂੰ ਇਹ ਬਰਦਾਸ਼ਤ ਨਾ ਹੋਇਆ ਅਤੇ ਉਹਨਾਂ ਦੇ ਹੁਕਮਾਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਅਤੇ ਉਹਨਾਂ ਦੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਵੀ ਛੱਲੀਆਂ ਦੀ ਤਰ੍ਹਾਂ ਕੁੱਟਿਆ ਗਿਆ ਅਤੇ ਗਿਰਫ਼ਤਾਰ ਵੀ ਕੀਤਾ ਗਿਆ।
ਕੁੰਦਨ ਗੋਗੀਆ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਤੋਂ ਏਦਾਂ ਮਹਿਸੂਸ ਹੁੰਦਾ ਹੈ ਕਿ ਪੰਜਾਬ ਵਿੱਚ ਲੋਕਤੰਤਰ ਦਾ ਰਾਜ ਨਹੀਂ ਸਗੋਂ ਕਿਸੇ ਤਾਨਾਸ਼ਾਹ ਦਾ ਰਾਜ ਚੱਲ ਰਿਹਾ ਹੈ ਅਤੇ ਇਨਸਾਨੀਅਤ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਉਹਨਾਂ ਨੇ ਇਸ ਘਟਨਾਕ੍ਰਮ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵਲੋਂ ਇਹ ਮਾਰਕੁੱਟ ਅਤੇ ਦਰਿੰਦਗੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹ ਕੱਚੇ ਕਾਮਿਆਂ ਨਾਲ਼ ਹਮਦਰਦੀ ਪ੍ਰਗਟ ਕਰਨ ਆਏ ਹਨ। ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਜ਼ੁਲਮਾ ਦਾ ਬਦਲਾ ਜ਼ਰੂਰ ਲੈਣਗੇ ਅਤੇ ਪੰਜਾਬੀਆਂ ਨੂੰ ਇਸ ਜਾਲਿਮ ਸਰਕਾਰ ਤੋਂ ਛੁਟਕਾਰਾ ਦਿਵਾਉਣਗੇ।
ਇਸ ਮੌਕੇ ਉਹਨਾਂ ਨਾਲ ਅੰਗਰੇਜ਼ ਸਿੰਘ ਜਿਲ੍ਹਾ ਈਵੈਂਟ ਇੰਚਾਰਜ, ਬਰਿੰਦਰ ਢਿਲੋਂ, ਰਾਜਿੰਦਰ ਮੋਹਨ ਰਾਜਵੀਰ ਸਿੰਘ ( ਦੋਵੇਂ ਬਲਾਕ ਪ੍ਰਧਾਨ), ਸੀਨੀਅਰ ਆਗੂ ਸੰਦੀਪ ਬੰਧੂ, ਰਿੰਕੂ ਪਹਿਲਵਾਨ ਵਾਈਸ ਪ੍ਰਧਾਨ, ਜਿਲਾ ਸਪੋਰਟਸ ਵਿੰਗ, ਗੋਲੂ ਰਾਜਪੂਤ, ਸੰਨੀ ਡਾਬੀ (ਦੋਵੇਂ ਸ਼ੋਸ਼ਲ ਮੀਡੀਆ ਕੋਆਰਡੀਨੇਟਰ) ਨੋਨੀ ਕੁਮਾਰ, ਲੱਕੀ ਪਟਿਆਲਵੀ, ਨਦੀਮ ਖਾਨ ਹਾਜ਼ਰ ਸਨ।