ਬਰਨਾਲਾ, 28 ਅਕਤੂਬਰ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਡੇਅਰੀ ਵਿਕਾਸ ਵਿਭਾਗ ਵੱਲੋਂ 2 ਨਵੰਬਰ ਤੋਂ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰੇ ਬੈਠੇ ਹੀ ਆਨਲਾਈਨ ਸਿਖਲਾਈ ਸ਼ੁਰੂ ਕੀਤੀ ਜਾਵੇਗੀ।
ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕਰਨੈਲ ਸਿੰਘ ਦੀ ਆਗਵਾਈ ਹੇਠ ਸ਼ੁਰੂ ਕੀਤੀ ਜਾ ਰਹੀ ਸਿਖਲਾਈ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ਵਿਗਿਆਨਕ ਢੰਗਾਂ ਨਾਲ ਕੀਤੇ ਕਾਰੋਬਾਰ ਹੀ ਲਾਹੇਵੰਦ ਹੋਣਗੇ। ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ ਰਖਾਅ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਚਲਾਏ ਜਾਂਦੇ ਡੇਅਰੀ ਸਿਖਲਾਈ ਪ੍ਰੋਗਰਾਮ ਜੋ ਕਿ ਕੋਵਿਡੑ19 ਮਹਾਮਾਰੀ ਕਰਕੇ ਬੰਦ ਹੋ ਗਏ ਸਨ, ਹੁਣ ਆਨਲਾਈਨ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਸਮੂਹ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੇ ਨੇੜੇ ਦੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਜਾਂ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਦਫਤਰ ਨਾਲ ਸੰਪਰਕ ਕਰਕੇ ਸਿਖਲਾਈ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਕਰਾਉਣ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਪਸ਼ੂ ਖਰੀਦਣ ਲਈ ਕਰਜ਼ੇ ਦੀ ਸਹੂਲਤ, ਪਸ਼ੂਆਂ ਲਈ ਸੁਚੱਜੇ ਸ਼ੈੱਡ, ਸਿੰਗਲ ਰੋਅ ਫੋਡਰ ਹਾਰਵੈਸਟਰ, ਸੈਲਫ ਪ੍ਰੋਪੈਲਡ ਫੋਰੇਜ਼ ਕਟਰ, ਆਟੋਮੈਟਿਕ ਮਿਲਕ ਡਿਸਪੈਸਿੰਗ ਯੂਨਿਟ, ਆਟੋਮੈਟਿਕ ਸਾਈਲੇਜ ਬੈਲਰ ਕਮ ਰੈਪਰ ਮਸ਼ੀਨ ਦੀ ਖਰੀਦ ’ਤੇ ਸਬਸਿਡੀ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 94633-32980 ’ਤੇ ਸੰਪਰਕ ਕੀਤਾ ਜਾ ਸਕਦਾ ਹੈ।