ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ) ਸ਼ਹੀਦ ਬਾਬਾ ਜੈ ਬਾਬਾ ਜੈ ਸਿੰਘ ਖਲਕਟ ਤੇ ਉਨ੍ਹਾਂ ਦੀ ਸ਼ਹੀਦੀ ਤੇ ਅਧਾਰਿਤ ਇਤਿਹਾਸਕ ਨਾਵਲ ‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨੇ ਲੋਕ ਅਰਪਣ ਕੀਤਾ। ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਣਗੌਲੇ ਸ਼ਹੀਦ ਸਿੰਘਾਂ ਸਬੰਧੀ ਖੋਜਾਂ ਹੋਣੀਆਂ ਲਾਜ਼ਮੀ ਹਨ, ਇਹ ਕੰਮ ਗੁਰਨਾਮ ਸਿੰਘ ਅਕੀਦਾ ਵੱਲੋਂ ਸ਼ਹੀਦ ਬਾਬਾ ਜੈ ਸਿੰਘ ਖਲਕਟ ਦਾ ਇਤਿਹਾਸਕ ਨਾਵਲ ਲਿਖ ਕੇ ਬਾਖ਼ੂਬੀ ਕਰ ਦਿੱਤਾ ਹੈ, ਅਜੇ ਹੋਰ ਖੋਜਾਂ ਦੀ ਲੋੜ ਰਹੇਗੀ। ਉਨ੍ਹਾਂ ਕਿਹਾ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਸ਼ਹੀਦੀ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਜਾਇਬ ਘਰ ਵਿਚ ਸੁਸ਼ੋਭਿਤ ਹੈ, ਇਨ੍ਹਾਂ ਦੇ ਇਤਿਹਾਸ ਬਾਰੇ ਹੁਣ ਕਾਫ਼ੀ ਖੋਜ ਹੋਣ ਲੱਗ ਪਈ ਹੈ, ਗੁਰਨਾਮ ਸਿੰਘ ਅਕੀਦਾ ਨੇ ਇਤਿਹਾਸਕ ਨਾਵਲ ਲਿਖ ਕੇ ਵੱਡਾ ਕੰਮ ਕੀਤਾ ਹੈ।
ਇੱਥੇ ਬੋਲਦਿਆਂ ਪੰਜਾਬ ਯੂਨੀਵਰਸਿਟੀ ਪਟਿਆਲਾ ਸਿੱਖ ਧਰਮ ਵਿਸ਼ਵ-ਕੋਸ਼ ਦੇ ਮੁਖੀ ਅਤੇ ਇਸ ਨਾਵਲ ਦੀ ਭੂਮਿਕਾ ਲਿਖਣ ਵਾਲੇ ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਅਤੇ ਲੇਖਕ ਗੁਰਨਾਮ ਸਿੰਘ ਅਕੀਦਾ ਵੱਲੋਂ ਲਿਖਿਆ ਇਹ ਇਤਿਹਾਸਕ ਨਾਵਲ ਸ਼ਹੀਦ ਬਾਬਾ ਜੈ ਸਿੰਘ ਖਲਕਟ ਅਤੇ ਉਨ੍ਹਾਂ ਦੇ ਸਮਕਾਲੀ ਸ਼ਹੀਦ ਸਿੰਘਾਂ ਉੱਤੇ ਅਧਾਰਿਤ ਹੈ। ਜਿਸ ਵਿਚ ਅਣਗੌਲੇ ਸਿੰਘਾਂ ਦੇ ਨਿਰੋਲ ਸਿੱਖ ਇਤਿਹਾਸ ਨੂੰ ਉਜਾਗਰ ਕੀਤਾ ਗਿਆ ਹੈ, ਮੈਨੂੰ ਇਹ ਨਾਵਲ ਪੜ੍ਹ ਕੇ ਜਿੱਥੇ ਖ਼ੁਸ਼ੀ ਹੋਈ ਉੱਥੇ ਹੀ ਬਾਬਾ ਜੀ ਦਾ ਇਤਿਹਾਸ ਜਾਣ ਕੇ ਸਿੱਖੀ ਉੱਤੇ ਮਾਣ ਵੀ ਹੋਇਆ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਇਹ ਇਤਿਹਾਸਕ ਨਾਵਲ ਪੜ੍ਹ ਕੇ ਸਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਹੈ। ਬਰਾਡਕਾਸਟਰ ਪਰਮਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਸਿੰਘ ਟੈਰੇਨ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੇ ਇਸ ਨਾਵਲ ਦੇ 184 ਸਫ਼ੇ ਹਨ, ਜਿਸ ਨੂੰ ਪੜ੍ਹਦਿਆਂ ਰੁਚੀ ਬਣਦੀ ਹੈ, ਸ਼ਬਦਾਂ, ਬਾਗ਼ਾਂ ਤੇ ਸ਼ਹਿਰ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਿਲੀਜ਼ ਕੀਤੇ ਇਸ ਇਤਿਹਾਸਕ ਨਾਵਲ ਨੂੰ ਪੜ੍ਹ ਕੇ ਹੀ ਪਤਾ ਲੱਗੇਗਾ ਕਿ ਸ਼ਹੀਦ ਬਾਬਾ ਜੈ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹੀਦੀ ਕਿਵੇਂ ਹੋਈ ਸੀ। ਫਰੈਂਚ ਪ੍ਰੋ. ਜਸਵੰਤ ਸਿੰਘ ਪੂਨੀਆ ਨੇ ਕਿਹਾ ਕਿ ਗੁਰਨਾਮ ਸਿੰਘ ਅਕੀਦਾ ਵੱਲੋਂ ਪਹਿਲਾਂ ਲਿਖੀਆਂ ਕਿਤਾਬਾਂ ਵੀ ਮੈਂ ਪੜ੍ਹ ਚੁੱਕਿਆ ਹਾਂ ਜੋ ਤੱਥਾਂ ਤੇ ਅਧਾਰਿਤ ਹਨ, ਹੁਣ ਇਹ ਨਾਵਲ ਵਿਚ ਸਿੱਖ ਇਤਿਹਾਸ ਉਜਾਗਰ ਕਰਕੇ ਸ. ਅਕੀਦਾ ਨੇ ਚੰਗਾ ਕੰਮ ਕੀਤਾ ਹੈ। ਇਸ ਸਮੇਂ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਸਮੇਂ, ਸਥਾਨ, ਤੇ ਵਿਸ਼ਾ ਵਸਤੂ ਅਨੁਸਾਰ ਇਸ ਨਾਵਲ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਇਸ ਸਮੇਂ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨੂੰ ਸ਼ਹੀਦ ਬਾਬਾ ਜੈ ਸਿੰਘ ਖਲਕਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਿਰੋਪਾਉ ਪਾਕੇ ਸਨਮਾਨਿਤ ਕੀਤਾ। ਇਸ ਵੇਲੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਰੋਸ਼ਨ ਸਿੰਘ, ਖ਼ਜ਼ਾਨਚੀ ਕਰਮ ਸਿੰਘ ਤੇ ਹੋਰ ਕਮੇਟੀ ਮੈਂਬਰ ਵੀ ਮੌਜੂਦ ਸਨ। ਪਬਲਿਸ਼ਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਹ ਨਾਵਲ ਪ੍ਰਕਾਸ਼ਿਤ ਕਰਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ।