ਚੰਡੀਗੜ/ਬਰਨਾਲਾ, 7 ਅਗਸਤ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਦਿਨਕਰ ਗੁਪਤਾ ਨੇ ਸੁੱਕਰਵਾਰ ਨੂੰ ਬਰਨਾਲਾ ਦੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਨਵੇਂ ਬਣੇ ਸ਼ਹੀਦੀ ਸਮਾਰਕ ਦਾ ਉਦਘਾਟਨ ਕੀਤਾ ਅਤੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ ਤਕਰੀਬਨ 1800 ਪੁਲਿਸ ਮੁਲਾਜਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ੍ਰੀ ਗੁਪਤਾ ਨੇ ਬਰਨਾਲਾ ਨਾਲ ਸਬੰਧਤ ਲਗਭਗ 22 ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਟੀ.ਪੀ.ਐਸ. ਫੂਲਕਾ, ਜਿਲਾ ਅਤੇ ਸੈਸ਼ਨ ਜੱਜ ਵਰਿੰਦਰ ਅਗਰਵਾਲ, ਡੀ.ਆਈ.ਜੀ. ਪਟਿਆਲਾ ਰੇਂਜ ਵਿਕਰਮਜੀਤ ਸਿੰਘ ਦੁੱਗਲ ਅਤੇ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਵੀ ਹਾਜਰ ਸਨ।
ਸ਼ਹੀਦਾਂ ਨੂੰ ਯਾਦ ਕਰਦਿਆਂ ਡੀਜੀਪੀ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦੇ ਕਾਲੇ ਦਿਨ ਦੇਖੇ ਹਨ ਅਤੇ 15 ਸਾਲਾਂ ਦੇ ਇਸ ਸੰਤਾਪ ਦੌਰਾਨ ਨਿਰਦੋਸ਼ ਸੈਂਕੜੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ
ਡੀਜੀਪੀ ਨੇ ਕਿਹਾ ਕਿ ਜਾਨ ਤੋਂ ਹੱਥ ਧੋਣ ਵਾਲੇ 30000 ਤੋਂ ਜ਼ਿਆਦਾ ਨਿਰਦੋਸ਼ ਲੋਕਾਂ ਵਿੱਚੋਂ ਲਗਭਗ 1800 ਪੰਜਾਬ ਪੁਲਿਸ ਦੇ ਡੀਆਈਜੀ ਤੋਂ ਕਾਂਸਟੇਬਲ ਤੱਕ ਦੇ ਸਾਰੇ ਰੈਂਕਾਂ ਦੇ ਕਰਮਚਾਰੀ ਸਨ।
ਉਨਾਂ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਵਿੱਚ ਬਰਨਾਲਾ ਹਾਟਸਪਾਟ ਰਿਹਾ ਹੈ । ਇਸ ਦੌਰਾਨ ਬਰਨਾਲਾ ਦੇ ਰਹਿਣ ਵਾਲੇ ਤਕਰੀਬਨ 27 ਪੁਲਿਸ ਕਰਮਚਾਰੀਆਂ ਨੇ ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।
ਉਨਾਂ ਕਿਹਾ, “ਪੰਜਾਬ ਪੁਲਿਸ ਨਾ ਸਿਰਫ ਸਾਡੇ ਦੇਸ਼ ਵਿੱਚ ਬਲਕਿ ਦੁਨੀਆਂ ਭਰ ਵਿੱਚ ਇਕਲੌਤੀ ਅਜਿਹੀ ਫੋਰਸ ਹੈ,ਜਿਸ ਨੇ ਰਾਸ਼ਟਰ ਅਤੇ ਰਾਜ ਦੀ ਸੁਰੱਖਿਆ ਲਈ ਅਜਿਹੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਯਾਦਗਾਰ ਸਨਮੁੱਖ ਸਿਰ ਝੁਕਾਉਣ ਅਤੇ ਇੱਥੋਂ ਦੇ ਸ਼ਹੀਦ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ”।
ਉਨਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ।