ਜ਼ਿਲਾ ਬਰਨਾਲਾ ’ਚ ਮੋਹਤਬਰ ਵਿਅਕਤੀ ਲੋਕਾਂ ਨੂੰ ਇਹਤਿਆਤਾਂ/ਨਿਰਦੇਸ਼ਾਂ ਦੀ ਪਾਲਣਾ ਲਈ ਕਰਨਗੇ ਪ੍ਰੇਰਿਤ
ਬਰਨਾਲਾ, 25 ਅਗਸਤ (ਰਾਕੇਸ਼ ਗੋਇਲ/ਰਾਹੁਲ ਬਾਲੀ):- ਕਰੋਨਾ ਵਾਇਰਸ ਵਿਰੁੱਧ ਜੰਗ ਜਿੱਤਣ ਲਈ ‘ਲੋਕ ਸਾਂਝੇਦਾਰੀ’ ਵਧਾਉਣੀ ਪਵੇਗੀ ਤੇ ਇਸ ਤੋਂ ਬਚਣ ਦੇ ਤਿੰਨ ਅਹਿਮ ਨੁਕਤਿਆਂ ਪ੍ਰਤੀ ਸੰਜੀਦਾ ਹੋਣਾ ਪਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਰੋਨਾ ਵਾਇਰਸ ਵਿਰੁੱਧ ਮੀਟਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਰਾਜ ਵਿਭਾਗ ਨੂੰ ਕਰੋਨਾ ਵਾਇਰਸ ਵਿਰੁੱਧ ‘ਲੋਕ ਸਾਂਝੇਦਾਰੀ’ ਵਧਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਆਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵੱਖ ਵੱਖ ਮੁਹੱਲਿਆਂ ’ਚੋਂ ਮੋਹਤਬਰ ਵਿਅਕਤੀਆਂ ਨੂੰ ਲੋਕ ਸਾਂਝੇਦਾਰੀ ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਵਿਚ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ। ਇਸ ਤੋਂ ਇਲਾਵਾ ਮੈਜਿਸ ਪੈਲੇਸਾਂ, ਹੋਟਲਾਂ, ਧਾਰਮਿਕ ਅਸਥਾਨਾਂ, ਬੈਂਕਾਂ ਤੇ ਜਨਤਕ ਸਥਾਨਾਂ ’ਤੇ ਕੋਵਿਡ ਸਬੰਧੀ ਇਹਤਿਆਤਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਲੰਟੀਅਰਾਂ ਨੂੰ ਚੁਣਿਆ ਜਾਵੇ, ਜੋ ਸਬੰਧਤ ਸਥਾਨਾਂ ’ਤੇ ਨਿਗਰਾਨੀ ਕਰਨਗੇ ਅਤੇ ਲੋੜੀਂਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣਗੇ।
ਇਸ ਮੌਕੇ ਉਨਾਂ ਪ੍ਰਸ਼ਾਸਨਿਕ ਟੀਮਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰਾਂ ਵਿਚ ਇਕਾਂਤਵਾਸ ਕੀਤੇ ਕੋਵਿਡ ਮਰੀਜ਼ਾਂ ਦੀ ਰੋਜ਼ਾਨਾ ਪੱਧਰ ’ਤੇ ਚੈਕਿੰਗ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਤਾਂ ਜੋ ਕਰੋਨਾ ਮਰੀਜ਼ ਅਤੇ ਇਕਾਂਤਵਾਸ ਕੀਤੇ ਵਿਅਕਤੀ ਇਕਾਂਤਵਾਸ ਦੀ ਉਲੰਘਣਾ ਨਾ ਕਰਨ। ਉਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨਾਂ ਆਖਿਆ ਕਿ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾਉਣ ਅਤੇ ਵਾਰ ਵਾਰ ਹੱਥ ਧੋਣ ਬਾਰੇ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਧਾਰਮਿਕ ਅਸਥਾਨਾਂ ਤੋਂ ਅਨਾਊਂਸਮੈਂਟ ਕਰਵਾ ਕੇ ਅਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਲਗਾਤਾਰ ਜਾਗਰੂਕ ਕੀਤਾ ਜਾਵੇ। ਉਨਾਂ ਆਖਿਆ ਕਿ ਜੇਕਰ ਜਾਗਰੂਕ ਕਰਨ ਦੇ ਬਾਵਜੂਦ ਕੋਈ ਜ਼ਰੂਰੀ ਇਹਤਿਆਤਾਂ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ ਅਤੇ ਐਸਡੀਐਮ ਸ੍ਰੀ ਵਰਜੀਤ ਵਾਲੀਆ ਹਾਜ਼ਰ ਸਨ।