ਫਿਰੋਜ਼ਪੁਰ, 22 ਸਤੰਬਰ (ਸੰਦੀਪ ਟੰਡਨ): ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਗੁਪਤ ਸੂਚਨਾ ਦੇ ਆਧਾਰ ਤੇ ਤਲਾਸ਼ੀ ਦੌਰਾਨ ਤਿੰਨ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ ਵਜ਼ਨੀ ਕਰੀਬ 3 ਗ੍ਰਾਮ ਤੇ 7 ਮੋਬਾਇਲ ਫੋਨ ਤੇ 1 ਡਾਟਾ ਕੇਬਲ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਹਵਾਲਾਤੀਆਂ ਖਿਲਾਫ ਐੱਨਡੀਪੀਐੱਸ ਐਕਟ ਅਤੇ 42, 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 6650 ਰਾਹੀਂ ਦਰਸ਼ਨ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 21 ਸਤੰਬਰ 2021 ਨੂੰ ਉਹ ਸਮੇਤ ਸਾਥੀ ਕਰਮਚਾਰੀਆਂ ਗੁਪਤ ਸੂਚਨਾ ਦੇ ਆਧਾਰ ਤੇ ਬਲਾਕ ਨੰਬਰ 2 ਦੀ ਬੈਰਕ ਨੰਬਰ 1 ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਦੋਸ਼ੀ ਹਵਾਲਾਤੀ ਜੋਗਿੰਦਰ ਸਿੰਘ ਉਰਫ ਲਾਲੂ ਪੁੱਤਰ ਬਾਜ ਸਿੰਘ ਵਾਸੀ ਹੀਰਾ ਨਗਰ ਨੇੜੇ ਦਾਣਾ ਮੰਡੀ ਕੋਲੋਂ ਨਸ਼ੀਲਾ ਪਾਊਡਰ ਵਜ਼ਨੀ ਕਰੀਬ 3 ਗ੍ਰਾਮ ਬਰਾਮਦ ਹੋਇਆ। ਹਵਾਲਾਤੀ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹੀਰਾ ਨਗਰ ਨੇੜੇ ਦਾਣਾ ਮੰਡੀ ਦੀ ਤਲਾਸ਼ੀ ਦੌਰਾਨ ਇਸ ਕੋਲੋਂ 2 ਮੋਬਾਇਲ ਫੋਨ ਮਾਰਕਾ ਉਪੋ, ਵੀਵੋ ਟੱਚ ਸਕਰੀਨ ਬੈਟਰੀ ਤੇ ਸਿੰਮ ਕਾਰਡ, 2 ਮੋਬਾਇਲ ਫੋਨ ਮਾਰਕਾ ਸੈਮਸੰਗ ਕੀ-ਪੈਡ ਸਮੇਤ ਬੈਟਰੀ ਬਿਨ੍ਹਾ ਸਿੰਮ ਕਾਰਡ ਬਰਾਮਦ ਹੋਏ। ਹਵਾਲਾਤੀ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਗੁਰਮੇਲ ਸਿੰਘ ਵਾਸੀ ਗੋਰਸੀਆ ਨਿਹਾਲ ਸਿੰਘ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੀ ਤਲਾਸ਼ੀ ਦੌਰਾਨ 1 ਮੋਬਾਇਲ ਫੋਨ ਟੱਚ ਸਕਰੀਨ ਤੇ ਇਕ ਮੋਬਾਇਲ ਮਾਰਕਾ ਨੋਕੀਆ ਕੀ-ਪੈਡ ਸਮੇਤ ਬੈਟਰੀ ਤੇ ਸਿੰਮ ਕਾਰਡ ਤੇ ਇਕ ਡਾਟਾ ਕੇਬਲ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।