ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 11ਵਾਂ ਜ਼ਿਲ੍ਹਾ ਪੱਧਰੀ ਵੋਟਰ ਦਿਵਸ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਮਨਾਇਆ ਗਿਆ। ਇਸ ਦੌਰਾਨ ਆਮ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਵੋਟਰ ਜਾਗਰੂਕਤਾ ਵੈਨ ਰਵਾਨਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਵੀ ਮੌਜੂਦ ਸਨ।
ਰਾਸ਼ਟਰੀ ਵੋਟਰ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਨੌਜਵਾਨ ਵੋਟਰਾਂ ਨੂੰ ਸੰਬੋਧਨ ਕਰਦਿਆ ਕਿਹਾ ਹਰੇਕ ਵਿਅਕਤੀ ਨੂੰ ਆਪਣੇ ਵੋਟ ਦੇ ਹੱਕ ਪ੍ਰਤੀ ਜਾਗਰੂਕ ਹੋਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟ ਦੀ ਤਾਕਤ ਅਤੇ ਉਸਦਾ ਸਹੀ ਅਤੇ 100 ਫ਼ੀਸਦੀ ਭੁਗਤਾਨ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਈ-ਈਪਿੰਕ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਡਿਜ਼ੀਟਲ ਯੁੱਗ ‘ਚ ਹੁਣ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਆਪਣਾ ਵੋਟਰ ਕਾਰਡ ਆਪਣੇ ਮੋਬਾਇਲ ਫੋਨ ਜਾਂ ਲੈਪਟਾਪ ਰਾਹੀਂ ਡਾਊਨਲੋਡ ਕਰਨ ਦੀ ਸਹੂਲਤ ਵੀ ਪ੍ਰਦਾਨ ਕਰ ਦਿੱਤੀ ਗਈ ਹੈ, ਇਸਦੇ ਨਾਲ ਹੀ ਉਹ ਵੋਟ ਵਾਲੇ ਦਿਨ ਪੋਲਿੰਗ ਸਬੰਧੀ ਆਪਣੀ ਵੋਟ ਪਰਚੀ ਵੀ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਜਿਲ੍ਹਾ ਪੱਧਰ ਅਤੇ ਰਾਜ ਪੱਧਰ ਉਪਰ ਸਾਲ 2020 ਦੌਰਾਨ ਕਰਵਾਈਆਂ ਸਵੀਪ ਗਤੀਵਿਧੀਆਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਇਸ ਉਪਰੰਤ ਜ਼ਿਲ੍ਹੇ ‘ਚ ਸਭ ਤੋਂ ਵੱਧ ਨੌਜਵਾਨਾਂ ਨੂੰ ਬਤੌਰ ਵੋਟਰ ਰਜਿਸਟਰ ਕਰਨ ਲਈ ਚੋਣ ਅਫ਼ਸਰ ਹਲਕਾ ਨਾਭਾ ਐਸ.ਡੀ.ਐਮ ਕਾਲਾ ਰਾਮ ਕਾਂਸਲ, ਪੰਜਾਬ ‘ਚ ਬੈਸਟ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ, ਬੈਸਟ ਨੋਡਲ ਅਫਸਰ ਸਵੀਪ ਪ੍ਰੋ. ਬਰਜਿੰਦਰ ਸਿੰਘ ਟੌਹੜਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਚੋਣ ਤਹਿਸੀਲਦਾਰ ਰਾਮ ਜੀ ਲਾਲ, ਬੈਸਟ ਬੀ.ਐਲ.ਓ ਬੀਰਇੰਦਰ ਸਿੰਘ ਸਰਕਾਰੀ ਸਕੂਲ ਢੀਂਗੀ, ਉਜਾਗਰ ਸਿੰਘ ਅਨਟਾਲ, ਜ਼ਿਲ੍ਹਾ ਦੂਤ ਦਿਵਿਆਂਗਜਨ ਜਗਦੀਪ ਸਿੰਘ ਅਤੇ ਜਗਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ਉਪਰ ਵੋਟਰ ਜਾਗਰੂਕਤਾ ਪ੍ਰੋਗਰਾਮਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਲਘੂ ਫਿਲਮ ਐਨੀਮੈਟਿਡ ਕੈਟਾਗਰੀ ਲਈ ਰਾਜ ਪੱਧਰ ਉਪਰ ਦੂਜੇ ਸਥਾਨ ਲਈ ਨਿਰਮਲਾ ਦੇਵੀ ਨੂੰ ਸਨਮਾਨਤ ਕੀਤਾ ਗਿਆ ਅਤੇ ਹੌਸਲਾ ਅਫਜਾਈ ਲਈ ਲਵਰੂਪ ਕਰਨ ਕੌਰ ਰਿਆਨ ਇੰਟਰਨੈਸ਼ਨਲ ਸਕੂਲ, ਫਿਚਰ ਫਿਲਮ ਕੈਟਾਗਰੀ ਲਈ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੀ ਟੀਮ ਦਾ ਸਨਮਾਨ ਕੀਤਾ ਗਿਆ। ਕੁਇਜ ਮੁਕਾਬਲੇ ਦੇ ਰਾਜ ਪੱਧਰੀ ਜੇਤੂ ਪੁਨੀਤ ਗਰਗ ਐਕਸੀਅਨ ਜਲ ਸਪਲਾਈ ਵਿਭਾਗ ਅਤੇ ਬਕਸ਼ਦੀਪ ਸਿੰਘ ਵਾਲੀਆ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਵੇਂ ਬਣੇ ਵੋਟਰਾਂ ਨੂੰ ਵੋਟਰ ਕਾਰਡ ਵੀ ਪ੍ਰਦਾਨ ਕੀਤੇ ਗਏ ਅਤੇ ਵੋਟਰਾਂ ਜਾਗਰੂਤਾ ਲਈ ਪੋਸਟਰ, ਰੰਗੋਲੀ ਅਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ।
ਪ੍ਰੋਗਰਾਮ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਵੋਟਰ ਜਾਗਰੂਕਤਾ ਲਈ ਸਵੀਪ ਵੈਨ ਰਾਵਨਾ ਕੀਤਾ ਜਿਸ ਨੇ ਬਿਰਧ ਆਸ਼ਰਮ ਚੌਰਾ, ਸੁਸਾਇਟੀ ਫਾਰ ਹੈਂਡੀਕੈਪਡ ਸੈਫਦੀਪੁਰ ਫੋਕਲ ਪੁਆਇੰਟ ਪਟਿਆਲਾ ਅਤੇ ਜ਼ਿਲ੍ਹਾ ਸੈਨਿਕ ਦਫ਼ਤਰ ਪਟਿਆਲਾ ਵਿਖੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ, ਜਿਸ ਦੀ ਅਗਵਾਈ ਸਾਇਕਲ ਰੈਲੀ ਉਪਰ ਜਗਵਿੰਦਰ ਸਿੰਘ ਜਿਲ੍ਹਾ ਦੂਤ ਵੱਲੌਂ ਕੀਤੀ ਗਈ। ਪ੍ਰੋਗਰਾਮ ਦੌਰਾਨ ਐਸ.ਡੀ.ਐਮ ਪਟਿਆਲਾ ਚਰਨਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਹਾਜਰ ਸਨ।