ਤਰਨਤਾਰਨ, 18 ਸਤੰਬਰ (ਰਣਬੀਰ ਸਿੰਘ)- ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਅਤੇ ਤਰਨ ਤਾਰਨ ਨੇ ਅੱਜ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਸਹਿਯੋਗ ਨਾਲ ਸ਼ਰਾਬ ਤਸਕਰਾਂ ਖਿਲਾਫ਼ ਹੱਲਾ ਬੋਲਦਿਆਂ ਹਰੀਕੇ ਝੀਲ ਦੇ ਮੰਡ ਖੇਤਰ ਵਿਚ ਛਾਪੇਮਾਰੀ ਕੀਤੀ ਅਤੇ ਲਗਪਗ 6 ਘੰਟੇ ਲਗਾਤਾਰ ਚੱਲੀ ਤਲਾਸ਼ੀ ਮੁਹਿੰਮ ‘ਚ 2 ਸ਼ਰਾਬ ਦੀਆਂ ਚਾਲੂ ਭੱਠੀਆਂ, 21 ਹਜ਼ਾਰ ਲੀਟਰ ਲਾਹਣ, 150 ਬੋਤਲ ਨਾਜਾਇਜ਼ ਦੇਸੀ ਸ਼ਰਾਬ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ । ਇਸ ਸਬੰਧੀ ਐਕਸਾਈਜ਼ ਵਿਭਾਗ ਜੀਰਾ (ਫ਼ਿਰੋਜ਼ਪੁਰ) ਦੇ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਹਰੀਕੇ ਮੰਡ ਖੇਤਰ ‘ਚ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ।ਜਿਸ ‘ਤੇ ਅੱਜ ਸਵੇਰੇ ਲਗਪਗ 10 ਵਜੇ ਤੋਂ ਸ਼ਾਮ 4 ਵਜੇ ਤੱਕ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਹਰੀਕੇ ਝੀਲ ਦੇ ਮਰੜ ਅਤੇ ਕਿੜੀਆਂ ਖੇਤਰ ਦਾ ਲਗਪਗ 8 ਕਿਲੋਮੀਟਰ ਏਰੀਆ ਖੰਗਾਲਿਆ ਗਿਆ । ਇਸ ਦੌਰਾਨ ਨਾਜਾਇਜ਼ ਦੇਸੀ ਸ਼ਰਾਬ ਦੀਆਂ ਦੋ ਚਾਲੂ ਭੱਠੀਆਂ, 21 ਹਜ਼ਾਰ ਲੀਟਰ ਲਾਹਣ, 150 ਬੋਤਲ ਸ਼ਰਾਬ, ਡਰੰਮ ਅਤੇ ਤਰਪਾਲਾਂ ਤੇ ਹੋਰ ਸਾਮਾਨ ਬਰਾਮਦ ਹੋਇਆ । ਉਨ੍ਹਾਂ ਦੱਸਿਆ ਕਿ ਸਰਾਬ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ । ਬਰਾਮਦ ਹੋਈ ਲਾਹਣ ਨੂੰ ਹਰੀਕੇ ਝੀਲ ਤੋਂ ਬਾਹਰ ਲਿਆ ਕੇ ਨਸ਼ਟ ਕਰ ਦਿੱਤਾ ਗਿਆ । ਇਸ ਮੌਕੇ ਵਣ ਗਾਰਡ ਰਾਮ ਪ੍ਰਕਾਸ਼, ਹਰਮਿੰਦਰ ਸਿੰਘ ਅਤੇ ਡਰਾਈਵਰ ਜਸਪਾਲ ਸਿੰਘ ਹਾਜ਼ਰ ਸਨ ।