ਤਰਨਤਾਰਨ/ਭਿੱਖੀਵਿੰਡ, 16 (ਰਣਬੀਰ ਸਿੰਘ)- ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿਖੇ ਅੱਜ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਵਲਟੋਹਾ ਵੱਲੋਂ ਕਿਸਾਨਾਂ ਦੀ ਮਹਾਂ ਰੈਲੀ ਕੀਤੀ ਗਈ । ਜਿਸ ਵਿੱਚ ਹਜ਼ਾਰਾਂ ਦੀ ਤਦਾਦ ਨਾਲ ਕਿਸਾਨਾਂ ਨੇ ਹਿੱਸਾ ਲਿਆ ਅਤੇ ਇਸ ਉਪਰੰਤ ਰੈਲੀ ਵਿੱਚ ਪਹੁੰਚੇ ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਅਤੇ ਲੱਖਾ ਸਿਧਾਣਾ ਨੇ ਕਿਸਾਨਾਂ ਦੀ ਇਸ ਮਹਾਂ ਰੈਲੀ ਨੂੰ ਸੰਬੋਧਨ ਕੀਤਾ । ਇਸ ਮੌਕੇ ਪੱਤਰਕਾਰਾ ਮਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਚੜੂੰਨੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਉਥੇ ਹੀ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਤੇ ਲਾਠੀਚਾਰਜ ਕਰਵਾ ਕੇ ਕਦੇ ਉਨ੍ਹਾਂ ਨੂੰ ਨਕਸਲਵਾਦੀ ਅਤੇ ਕਦੇ ਅੱਤਵਾਦੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰ ਵੀ ਕਿਸਾਨਾਂ ਨੂੰ ਆਪਣਾ ਟਾਰਗੇਟ ਬਣਾ ਰਹੇ ਹਨ । ਪ੍ਰੰਤੂ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਦਿੱਲੀ ਵਿੱਚੋ ਨਹੀਂ ਉੱਠਣਗੇ । ਇਸ ਉਪਰੰਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਲੱਖਾ ਸਿਧਾਣਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਵੱਲੋਂ ਅੱਜ ਮਾਝੇ ਦੀ ਦਾਣਾ ਮੰਡੀ ਅਮਰਕੋਟ ਵਿਖੇ ਕਿਸਾਨਾਂ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਿਆ ਹੈ । ਇਸ ਤੋਂ ਇਹ ਜ਼ਾਹਿਰ ਹੋ ਚੁੱਕਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਲਦੀ ਹੀ ਗੋਡੇ ਟੇਕ ਕੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਤੇ ਹਰਿਆਣਾ ਅਤੇ ਮੋਗਾ ਵਿਖੇ ਹੋਏ ਲਾਠੀਚਾਰਜ ਦੀ ਵੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਖੱਟਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ । ਲੱਖਾ ਸਿਧਾਣਾ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕਿਸਾਨਾਂ ਨੂੰ ਨਵਾਂ ਰਸਤਾ ਦਿਖਾਇਆ ਜਾਵੇਗਾ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਹਜੂਮ ਰੈਲੀ ਵਿੱਚ ਸ਼ਿਰਕਤ ਕਰਨ ਲਈ ਪਹੁੰਚਿਆ ।