Web Desk-Harsimranjit Kaur
ਬਟਾਲਾ, 20 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਗੁਰਦਾਸਪੁਰ ਰੋਡ ਸਥਿਤ ਇਕ ਨਿੱਜੀ ਹਸਪਤਾਲ ’ਚੋਂ 3 ਦਿਨਾਂ ਦੇ ਨਵਜੰਮੇ ਬੱਚੇ ਨੂੰ ਅਗਵਾ ਕਰ ਕੇ ਫਰਾਰ ਹੋਣ ਵਾਲੀਆਂ ਜਨਾਨੀਆਂ ਨੂੰ ਬਟਾਲਾ ਪੁਲਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਲਿਆ ਹੈ। ਸਥਾਨਕ ਪੁਲਸ ਲਾਈਨ ਬਟਾਲਾ ਵਿਖੇ ਐੱਸ. ਐੱਸ. ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 18 ਅਕਤੂਬਰ ਨੂੰ ਵਕਤ ਕਰੀਬ 1:30 ਵਜੇ ਉਸਦੇ ਪਿੰਡ ਚੀਮਾ ਖੁੱਡੀ ਦੀਆਂ 2 ਜਨਾਨੀਆਂ ਰੁਪਿੰਦਰ ਕੌਰ ਪਤਨੀ ਗੁਰਦਿਆਲ ਸਿੰਘ ਅਤੇ ਰਜਿੰਦਰ ਕੌਰ ਪਤਨੀ ਸਵ. ਤਰਸੇਮ ਸਿੰਘ, ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸਨ, ਉਸ ਦੀ ਪਤਨੀ ਗੋਗੀ ਤੋਂ ਬੱਚੇ ਨੂੰ ਟੀਕਾ ਲਗਾਉਣ ਦੇ ਬਹਾਨੇ ਚੁੱਕ ਕੇ ਲੈ ਗਈਆਂ ਸਨ।
ਇਹ ਵੀ ਪੜੋ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਪਿੰਡ ਚੱਠਾ, ਸ਼ਹੀਦ ਮਨਦੀਪ ਸਿੰਘ ਦੇ ਭੋਗ ਵਿੱਚ ਹੋਏ ਸ਼ਾਮਲ
ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਪੁਲਸ ਨੇ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਚੀਮਾ ਖੁੱਡੀ ਨੇ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਦਾਸਪੁਰ ਰੋਡ ’ਤੇ ਸਥਿਤ ਇਕ ਹਸਪਤਾਲ ’ਚ ਉਸਦੀ ਪਤਨੀ ਗੋਗੀ ਦੀ ਕੁਖੋ 16 ਅਕਤੂਬਰ ਨੂੰ ਇਕ ਮੁੰਡੇ ਨੇ ਜਨਮ ਲਿਆ ਸੀ। ਬਟਾਲਾ ਪੁਲਸ ਵੱਲੋਂ ਤਫਤੀਸ਼ ਅਮਲ ’ਚ ਲਿਆਉਂਦਿਆਂ ਅਗਵਾ ਹੋਏ ਨਵਜੰਮੇ ਬੱਚੇ ਨੂੰ ਉਕਤ ਜਨਾਨੀਆਂ ਸਮੇਤ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਲਿਆ ਗਿਆ।
ਉਕਤ ਜਨਾਨੀਆਂ, ਜਿਸ ਕਾਰ ’ਤੇ ਬੱਚੇ ਨੂੰ ਲੈ ਕੇ ਜਾ ਰਹੀਆਂ ਸਨ, ਉਹ ਕਾਰ ਇਕ ਸਰਪੰਚ ਦੀ ਹੈ। ਉਕਤ ਜਨਾਨੀਆਂ ਨਵਜੰਮੇ ਬੱਚੇ ਨੂੰ ਜਲੰਧਰ ਵਾਸੀ ਇਕ ਜਨਾਨੀ ਨੂੰ ਵੇਚਣ ਜਾ ਰਹੀਆ ਸਨ। ਦੱਸਿਆ ਜਾ ਰਿਹਾ ਹੈ ਕਿ ਰੁਪਿੰਦਰ ਕੌਰ ਅਤੇ ਰਜਿੰਦਰ ਕੌਰ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ’ਚ ਪਹਿਲਾਂ ਵੀ ਕੁੱਟਮਾਰ ਦਾ ਇਕ ਕੇਸ ਦਰਜ ਹੈ। ਪੁਲਸ ਨੇ ਉਕਤ ਜਨਾਨੀਆਂ ਅਤੇ ਇਨ੍ਹਾਂ ਦੀ ਇਕ ਹੋਰ ਸਾਥੀ ਪਰਮਜੀਤ ਕੌਰ ਪਤਨੀ ਜਗਦੀਪ ਸਿੰਘ ਵਾਸੀ ਰਾਮ ਤੀਰਥ ਰੋਡ ਅੰਮ੍ਰਿਤਸਰ ਨੂੰ ਇਕ ਕਾਰ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਕੌਰ ਸਾਲ 2012 ’ਚ ਬਤੌਰ ਆਸ਼ਾ ਵਰਕਰ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਚੀਮਾ ਖੁੱਡੀ ਵਿਖੇ ਕੰਮ ਕਰ ਰਹੀ ਹੈ।
ਇਹ ਵੀ ਪੜੋ: ਮਾਮੇ ਨੇ ਬੇਰਹਿਮੀ ਨਾਲ ਕੀਤਾ ਭਾਣਜੇ ਦਾ ਕਤਲ, ਕਹਿ ਨਾਲ ਕੀਤਾ ਸਿਰ ਤੇ ਵਾਰ
ਪੁਲਸ ਨੇ ਉਕਤ ਜਨਾਨੀਆਂ ਅਤੇ ਇਕ ਸਰਪੰਚ ਵਿਰੁੱਧ ਥਾਣਾ ਸਿਵਲ ਲਾਈਨ ’ਚ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਕਤ ਸਰਪੰਚ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਉਕਤ ਜਨਾਨੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ. ਐੱਸ. ਪੀ. ਲਲਿਤ ਕੁਮਾਰ, ਡੀ. ਐੱਸ. ਪੀ. ਕੁਲਦੀਪ ਸਿੰਘ, ਐੱਸ. ਐੱਚ. ਓ. ਅਮੋਕਲ ਸਿੰਘ, ਏ. ਐੱਸ. ਆਈ. ਪੰਜਾਬ ਸਿੰਘ ਆਦਿ ਪੁਲਸ ਮੁਲਾਜ਼ਮ ਸਨ।