ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਦੇ ਫ਼ਾਈਨ ਆਰਟਸ ਵਿਭਾਗ ਵਿੱਚ ਲਗਾਈ ਗਈ ਕਲਾ ਪ੍ਰਦਰਸ਼ਨੀ ਵਿੱਚ ਜ਼ਿੰਦਗੀ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲੇ l ਇਸ ਦੋ ਰੋਜ਼ਾ ਖੂਬਸੂਰਤ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਚਰਨਜੀਤ ਕੌਰ ਵੱਲੋਂ ਕੀਤਾ ਗਿਆ l ਆਰਟ ਮਿਊਜ਼ਿੰਗ ਸਿਰਲੇਖ ਹੇਠ ਲਗਾਈ ਇਸ ਪ੍ਰਦਰਸ਼ਨੀ ਵਿਚ ਕਾਲਜ ਦੇ ਅੰਡਰ ਗ੍ਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਦੇ ਨਾਲ ਨਾਲ ਪ੍ਰੋਫ਼ੈਸਰ ਸਾਹਿਬਾਨਾਂ ਨੇ ਵੀ ਆਪਣੀ ਕਲਾ ਕ੍ਰਿਤੀਆਂ ਨੂੰ ਪ੍ਰਦਰਸ਼ਿਤ ਕੀਤਾ l
ਕਾਲਜ ਦੇ ਸੈਮੀਨਾਰ ਹਾਲ ਵਿਚ ਵਿਭਾਗ ਦੇ ਮੁਖੀ ਪ੍ਰੋ. ਗੁਰਵੀਨ ਕੌਰ ਤੋੰ ਇਲਾਵਾ ਪ੍ਰੋ. ਰਣਜੀਤ ਕੌਰ, ਪ੍ਰੋ. ਸੁਭਾਸ਼ ਚੰਦਰ, ਪ੍ਰੋ. ਅੰਜੂ, ਪ੍ਰੋ. ਜਸਰੀਨ ਅਤੇ ਪ੍ਰੋ. ਮਨਪ੍ਰੀਤ ਕੌਰ ਵੱਲੋਂ ਵਾਟਰ ਕਲਰ, ਅਕ੍ਰੈਲਿਕ ਕਲਰ,ਆਇਲ ਪੇਂਟਿੰਗਜ਼ ,ਮਿਕਸ ਮੀਡੀਆ ਰਾਹੀਂ ਤਿਆਰ ਕੀਤੀਆਂ ਕਲਾ ਕ੍ਰਿਤੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀਆਂ l ਕੋਮਲ ਕਲਾ ਵਿਭਾਗ ਦੇ ਅੰਮ੍ਰਿਤਾ ਸ਼ੇਰਗਿੱਲ ਹਾਲ ਵਿੱਚ ਵਿਦਿਆਰਥਣਾਂ ਵੱਲੋਂ ਬਣਾ ਕੇ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੇ ਵੀ ਖੂਬ ਵਾਹ ਵਾਹੀ ਲੁੱਟੀ l
ਵਿਭਾਗ ਦੇ ਵਿਦਿਆਰਥੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ ਅਤੇ ਅਧਿਆਪਕਾਂ ਦੀਆਂ ਕ੍ਰਿਤੀਆਂ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ l ਇਹ ਗੱਲ ਵਿਸ਼ੇਸ਼ ਵਰਨਣਯੋਗ ਹੈ ਕਿ ਸਰਕਾਰੀ ਕਾਲਜ ਲੜਕੀਆਂ ਦਾ ਫਾਈਨ ਆਰਟਸ ਪੋਸਟ ਗਰੈਜੂਏਸ਼ਨ ਵਿਭਾਗ ਇਸ ਰੀਜਨ ਦੇ ਸਭ ਤੋਂ ਪੁਰਾਣੇ ਅਤੇ ਨਾਮਵਰ ਵਿਭਾਗਾਂ ਵਿਚੋਂ ਇਕ ਹੈ l ਪ੍ਰਿੰਸੀਪਲ ਸਾਹਿਬਾ ਨੇ ਦੱਸਿਆ ਕਿ ਇਸ ਵਿਭਾਗ ਦੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੇ ਹਨ l
ਇਸ ਵਿਭਾਗ ਦੇ ਮਿਹਨਤਕਸ਼ ਸਟਾਫ ਦੇ ਸਦਕਾ ਕਾਲਜ ਨੂੰ ਅਨੇਕਾਂ ਇਨਾਮਾਂ ਨਾਲ ਨਿਵਾਜਿਆ ਜਾ ਚੁੱਕਾ ਹੈ l ਦਰਸ਼ਕਾਂ ਦੇ ਉਤਸ਼ਾਹ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪ੍ਰਦਰਸ਼ਨੀ ਸੋਮਵਾਰ ਤਕ ਜਾਰੀ ਰਹੇਗੀ l
ਇਸ ਮੌਕੇ ਕਾਲਜ ਕੌਂਸਲ ਮੈਂਬਰ ਪ੍ਰੋ. ਹਰਤੇਜ ਟਿਵਾਣਾ, ਪ੍ਰੋ. ਰਵਿੰਦਰ ਸੂਚ, ਪ੍ਰੋ. ਲਵਲੀਨ ਤੋਂ ਇਲਾਵਾ ਪ੍ਰੋ. ਪ੍ਰੀਤਇੰਦਰ ਕੌਰ , ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ.ਗੁਰਿੰਦਰ ਕੌਰ, ਪ੍ਰੋ. ਕੰਚਨ, ਪ੍ਰੋ. ਸੀਮਾ ਸ਼ਰਮਾ, ਪ੍ਰੋ.ਸੰਦੀਪ ਕੁਮਾਰ , ਪ੍ਰੋ. ਕੁਲਤਾਰ ਸਿੰਘ, ਪ੍ਰੋ. ਰਿਚਾ, ਪ੍ਰੋ. ਸ਼ਾਇਨਾ ਸ਼ਰਮਾ, ਪ੍ਰੋ. ਜੈਸਮੀਨ, ਹਰਪ੍ਰੀਤ ਕੌਰ , ਤਲਵਿੰਦਰ ,ਮੋਦੀ ਕਾਲਜ ਪਟਿਆਲਾ ਦੇ ਪ੍ਰੋ. ਹਰਮੋਹਨ ਸ਼ਰਮਾ ਅਤੇ ਡਾ. ਅਜੀਤ ਕੁਮਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ l