ਤਰਨ-ਤਾਰਨ/ਭਿੱਖੀਵਿੰਡ, 15 ਸਤੰਬਰ (ਰਣਬੀਰ ਸਿੰਘ)- ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਨੇ ਕਾਂਗਰਸ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਭਾਰੀ ਬਾਰਿਸ਼ ਕਾਰਨ ਗਲੀਆਂ ਨੇ ਦਰਿਆਵਾਂ ਦਾ ਰੂਪ ਧਾਰਨ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਕਾਂਗਰਸ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ ਹੀ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਭਿੱਖੀਵਿੰਡ ਦੇ ਵਾਰਡ ਨੰਬਰ 9 ਵਿੱਚ ਇੰਟਰਲੌਕ ਟਾਇਲਾ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਲਗਵਾਈਆਂ ਸਨ।ਦੂਜੇ ਪਾਸੇ ਕਾਂਗਰਸ ਸਰਕਾਰ ਦਾ ਕਾਰਜਕਾਲ ਥੋੜੇ ਹੀ ਸਮੇਂ ‘ਚ ਖਤਮ ਹੋਣ ਵਾਲਾ ਹੈ ਪਰ ਵਿਕਾਸ ਕਿਤੇ ਵੀ ਦਿਖਾਈ ਨਹੀ ਦਿੰਦਾ।ਦਰਅਸਲ ਭਾਰੀ ਬਾਰਿਸ਼ ਕਾਰਨ ਭਿੱਖੀਵਿੰਡ ਦੀਆਂ ਗਲੀਆਂ ਨੇ ਦਰਿਆਵਾਂ ਦਾ ਰੂਪ ਧਾਰਨ ਕਰ ਲਿਆ ਸੀ। ਇਥੋਂ ਦੀਆਂ ਗਲੀਆਂ ‘ਚ ਪਾਏ ਗਏ ਸੀਵਰੇਜਾ ਦਾ ਸਾਈਜ਼ ਛੋਟਾ ਹੋਣ ਕਾਰਨ ਬਾਰਿਸ਼ ਦਾ ਪਾਣੀ ਗਲੀਆਂ ਵਿੱਚ ਹੀ ਖੜਾ ਹੋ ਜਾਂਦਾ ਹੈ। ਬਾਰਿਸ਼ ਕਾਰਨ ਆ ਰਹੀਆਂ ਮੁਸ਼ਕਿਲਾਂ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਉਹਨਾਂ ਦਾ ਮੰਨਣਾ ਹੈ ਕਿ ਸਰਕਾਰਾਂ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਸਿਰਫ ਵੋਟਾਂ ਲੈਣ ਲਈ ਹੀ ਕਰਦੀਆਂ ਹਨ। ਇੱਥੇ ਇਹ ਦੱਸਣਾ ਬੇਹੱਦ ਜਰੂਰੀ ਹੈ ਕਿ ਵਾਰਡ ਨੰਬਰ 9 ਵਾਲੀ ਗਲੀ ਦਾ ਕੁਝ ਹਿੱਸਾ ਭਾਰੀ ਬਾਰਿਸ਼ ਕਾਰਨ ਟੁੱਟ ਗਿਆ ਸੀ। ਜਿਸ ਕਾਰਨ ਗਲੀ ਦੀ ਮੁਰੰਮਤ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਂਵ ਕੁਮਾਰ ਭਾਗੂ ਵੱਲੋਂ ਗਲੀ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਗਲੀ ਦੀ ਮੁਰੰਮਤ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਐਮ.ਸੀ ਅਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਦਾ ਭਿੱਖੀਵਿੰਡ ਦੀਆਂ ਗਲੀਆਂ ਦੇ ਵਿਕਾਸ ਵੱਲ ਕੋਈ ਧਿਆਨ ਨਹੀ ਹੈ। ਉਹਨਾਂ ਕਿਹਾ ਕਿ ਉਹ ਆਪਣੀਆਂ ਜੇਬਾਂ ‘ਚੋ ਪੈਸੇ ਖਰਚਣ ਲਈ ਮਜਬੂਰ ਹਨ। ਇਸ ਮੌਕੇ ਭਿੱਖੀਵਿੰਡ ਵਾਸੀਆਂ ਨੇ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਭਿੱਖੀਵਿੰਡ ਸ਼ਹਿਰ ਦੇ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਵੇ।