ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ):: ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਦੇਰ ਸ਼ਾਮ ਇਥੇ ਹੈਰੀਟੇਜ ਸਟਰੀਟ ਦੇ ਚੱਲ ਰਹੇ ਪਹਿਲੇ ਪੜਾਅ ਦੇ ਕੰਮ ਦਾ ਜਾਇਜ਼ਾ ਲਿਆ, ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦਾ ਕੰਮ ਜਨਵਰੀ ਦੇ ਅਖੀਰ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨਿਗਮ ਕਮਿਸ਼ਨਰ ਪੂਨਮਦੀਪ ਕੌਰ ਅਤੇ ਪਟਿਆਲਾ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਨਾਲ ਮੌਕੇ ‘ਤੇ ਪੁੱਜੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਸ ਤਰ੍ਹਾਂ ਕਿ ਪੁਰਾਣੇ ਕੁਨੈਕਸ਼ਨ ਆਦਿ ਨੂੰ ਮੁੱਖ ਰੱਖਦੇ ਹੋਏ ਪੁਟਾਈ ਦੇ ਕੰਮਾਂ ਨੂੰ ਮਸ਼ੀਨਾਂ ਦੀ ਬਜਾਏ ਮੈਨੂਅਲੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਕੰਮ ਨੂੰ ਜਲਦੀ ਨਿਪਟਾਉਣ ਲਈ ਦਿਨ ਅਤੇ ਰਾਤ ਕੰਮ ਚਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ‘ਚ ਰੱਖਦੇ ਹੋਏ ਹੈਰੀਟੇਜ ਸਟਰੀਟ ਦੇ ਕੰਮ ਨੂੰ ਪੜਾਅ ਵਾਰ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਤਹਿਤ ਸਭ ਤੋਂ ਪਹਿਲਾਂ ਸਮਾਨੀਆਂ ਗੇਟ ਤੋਂ ਸ਼ੁਰੂ ਕੀਤੇ ਗਏ ਪਹਿਲੇ ਹਿੱਸੇ ਦੇ ਕੰਮ ਨੂੰ ਮੁਕੰਮਲ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਅਤੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਰੋਜ਼ਾਨਾ ਆਪਸੀ ਤਾਲਮੇਲ ਰਾਹੀਂ ਕੰਮ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ।
ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ਦੇ ਇਸ ਪ੍ਰੋਜੈਕਟ ਨਾਲ ਜਿਥੇ ਪਟਿਆਲਾ ਦੀ ਰਿਆਸਤੀ ਦਿੱਖ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਗਿਆ ਹੈ ਉਥੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਬਾਅਦ ਵਿਰਾਸਤੀ ਮਾਰਗ ‘ਤੇ ਸਥਿਤ ਦੁਕਾਨਦਾਰਾਂ ਨੂੰ ਵੀ ਵਪਾਰਕ ਤੌਰ ‘ਤੇ ਵੱਡਾ ਲਾਭ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪੁਟਾਈ ਦਾ ਇਹ ਕੰਮ ਸੀਵਰੇਜ ਪਾਇਪਾ, ਪੀਣ ਵਾਲੇ ਪਾਣੀ ਦੀਆਂ ਪਾਇਪਾ, ਬਰਸਾਤੀ ਪਾਣੀ ਅਤੇ ਬਿਜਲੀ ਦੀ ਕੇਬਲਾਂ ਨੂੰ ਸ਼ੁਰੂਆਤੀ ਤੌਰ ‘ਤੇ ਹੀ ਮੁਕੰਮਲ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਬਾਅਦ ਵਿੱਚ ਰਿਆਸਤੀ ਮਾਰਗ ‘ਤੇ ਕਿਸੇ ਵੀ ਤਰ੍ਹਾਂ ਦੀ ਭੰਨ ਤੋੜ ਨਾ ਕਰਨੀ ਪਵੇ। ਉਨ੍ਹਾਂ ਦੱਸਿਆ ਕਿ ਇਹ ਕੰਮ ਸੱਤ ਪੜਾਵਾਂ ‘ਚ ਨੇਪਰੇ ਚੜਾਇਆ ਜਾਵੇਗਾ ਜਿਸ ਦਾ ਪਹਿਲਾਂ ਪੜਾਅ ਸਮਾਨੀਆਂ ਗੇਟ ਤੋਂ ਸ੍ਰੀ ਹਨੂਮਾਨ ਮੰਦਰ ਤੱਕ ਪ੍ਰਗਤੀ ਅਧੀਨ ਹੈ।
ਕੈਪਸ਼ਨ: ਹੈਰੀਟੇਜ ਸਟਰੀਟ ਦੇ ਮੈਨੂਅਲੀ ਚੱਲ ਰਹੇ ਪੁਟਾਈ ਦੇ ਕੰਮ ਦੀਆਂ ਤਸਵੀਰਾਂ।
