ਪਟਿਆਲਾ, 13 ਅਗਸਤ (ਪ੍ਰੈਸ ਕੀ ਤਾਕਤ)- ਪਟਿਆਲਾ ਕੇਂਦਰੀ ਜੇਲ੍ਹ ‘ਚੋਂ ਇਕ ਕੈਦੀ ਵੱਲੋਂ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਦੀ ਪੁਲਸ ਨੂੰ ਜ਼ਰਾ ਜਿੰਨੀ ਵੀ ਭਿਣਕ ਨਹੀਂ ਲੱਗੀ। ਜਾਣਕਾਰੀ ਮੁਤਾਬਕ ਮਨਿੰਦਰ ਸਿੰਘ ਉਰਫ਼ ਗੋਨਾ ਇਕ ਕੇਸ ਦੇ ਚੱਲਦਿਆਂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਸੀ, ਜਿਸ ਦੀ ਅਦਾਲਤ ‘ਚ ਪੇਸ਼ੀ ਸੀ। ਇਸ ਤੋਂ ਬਾਅਦ ਪੂਰੀ ਜੇਲ੍ਹ ‘ਚ ਉਕਤ ਕੈਦੀ ਦੀ ਭਾਲ ਕੀਤੀ ਗਈ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ। ਜਦੋਂ ਪੁਲਸ ਅਧਿਕਾਰੀਆਂ ਵੱਲੋਂ ਜੇਲ੍ਹ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਅਧਿਕਾਰੀਆਂ ਦੇ ਪਸੀਨੇ ਛੁੱਟ ਗਏ। ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦੀ ਛੱਤ ਉੱਪਰ ਚੜ੍ਹਦਾ ਦਿਖਾਈ ਦਿੱਤਾ। ਜਦੋਂ ਜੇਲ੍ਹ ਸਟਾਫ਼ ਉਸ ਕੈਦੀ ਨੂੰ ਪੇਸ਼ੀ ‘ਤੇ ਲਿਜਾਣ ਲਈ ਬੈਰਕ ‘ਚ ਪੁੱਜਿਆ ਤਾਂ ਕੈਦੀ ਉੱਥੇ ਨਹੀਂ ਮਿਲਿਆ।ਇਸ ਤੋਂ ਪਤਾ ਲੱਗਾ ਕਿ ਕੈਦੀ ਜੇਲ੍ਹ ‘ਚੋਂ ਫ਼ਰਾਰ ਹੋ ਗਿਆ ਹੈ। ਇਸ ਘਟਨਾ ਨਾਲ ਜੇਲ੍ਹ ਦੀ ਸੁਰੱਖਿਆ ਵਿਵਸਥਾ ‘ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਉੱਥੇ ਹੀ ਦੂਜੇ ਪਾਸੇ ਜੇਲ੍ਹ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਫਿਲਹਾਲ ਕੈਦੀ ਨੂੰ ਮੁੜ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।