* ਕਿਹਾ, ਮਾਸਕ ਨਹੀਂ ਪਾਇਆ ਤਾਂ ਪਟਰੋਲ ਪੰਪ ਚਾਲਕ ਵਾਹਨ ਵਿੱਚ ਨਹੀਂ ਪਾਉਣਗੇ ਤੇਲ – ਪੰਨੂ
ਸੁਨਾਮ ਊਧਮ ਸਿੰਘ ਵਾਲਾ, 17 ਮਾਰਚ (ਸੁਭਾਸ਼ ਭਾਰਤੀ / ਰਾਜੇਸ਼ ਬਾਂਸਲ / ਰਾਜਿੰਦਰ ਸ਼ਾਹ): ਮੌਜੂਦਾ ਸਮੇਂ ਵਿੱਚ ਲਗਾਤਾਰ ਕੋਰੋਨਾ ਮਰੀਜਾਂ ਦੀ ਵਧ ਗਿਣਤੀ ਉੱਤੇ ਰੋਕਥਾਮ ਲਗਾਉਣ ਲਈ ਡੀਐਸਪੀ ਸੁਨਾਮ ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ਸ਼ਹਿਰ ਦੀ ਵੱਖ-ਵੱਖ ਸਮਾਜ ਸੇਵੀ ਅਤੇ ਵਪਾਰਕ ਸੰਗਠਨਾਂ ਦੇ ਸਹਿਯੋਗ ਨਾਲ ਸਥਾਨਕ ਅਗਰਸੈਨ ਚੌਕ ਵਿਖੇ ਵਿਸ਼ੇਸ਼ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਕੋਵਿਡ ਤੋਂ ਬਚਾਅ ਲਈ ਜਨਤਕ ਥਾਵਾਂ ਮਾਸਕ ਪਾ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਡੀਐਸਪੀ ਪੰਨੂੰ ਵੱਲੋਂ ਲੋਕਾਂ ਨੂੰ ਜਨਤਕ ਸਥਾਨਾਂ ਉੱਤੇ ਮਾਸਕ ਪਾਉਣ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਸਬੰਧੀ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਲਜਿੰਦਰ ਸਿੰਘ ਪੰਨੂ ਨੇ ਕਿਹਾ ਕਿ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਪਰ ਨਾਲ ਹੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਰਹਿੰਦੇ ਹੋਏ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਹੋਵੇਗਾ ਅਤੇ ਕੋਵਿਡ ਸਬੰਧੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੁੰਦੇ ਨਿਰਦੇਸ਼ਾਂ ਦੀ ਪਾਲਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਵਿਡ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ ਘਰ ਤੋਂ ਬਾਹਰ ਜਨਤਕ ਸਥਾਨਾਂ ਉੱਤੇ ਜਾਣ ਸਮੇਂ ਮਾਸਕ ਪਹਿਨਣ ਯਕੀਨੀ ਬਨਾਉਣ ਅਤੇ ਭੀੜ ਵਿੱਚ ਜਾਣ ਤੋਂ ਗੁਰੇਜ ਕਰਨ। ਪੰਨੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਜਾਰੀ ਕੀਤੇ ਗਏ ਵੱਖ-ਵੱਖ ਜਾਗਰੂਕਤਾ ਪੋਸਟਰਾਂ ਵਿੱਚ ਕਿਸੇ ਵੀ ਪਟਰੋਲ ਪੰਪ ਉੱਤੇ ਵਾਹਨ ਵਿੱਚ ਤੇਲ ਪਵਾਉਣ ਲਈ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ ਅਤੇ ਨਾਲ ਹੀ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿੱਚ ਦੁਕਾਨਦਾਰ ਨੂੰ ਮਾਸਕ ਪਾ ਕੇ ਰੱਖਣ ਅਤੇ ਗਾਹਕਾਂ ਨੂੰ ਵੀ ਦੁਕਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਮਾਸਕ ਲਗਾਉਣ ਅਤੇ ਆਪਸੀ ਦੂਰੀ ਨੂੰ ਮੇਨਟੇਨ ਕਰਕੇ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਮਾਸਕ ਪਹਿਨਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੋ ਲੋਕ ਹੁਕਮਾਂ ਦੀ ਪਾਲਣਾ ਨਹੀਂ ਕਰਹਗੇ ਉਨ੍ਹਾਂ ਦੇ ਚਲਾਣ ਕੱਟਣ ਦੀ ਪ੍ਰਕਿਰਿਆ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਵਾਹਨ ਚਾਲਕਾਂ ਨੂੰ ਕੋਵਿਡ ਸਬੰਧੀ ਜਾਗਰੂਕ ਕੀਤਾ ਅਤੇ ਮਾਸਕ ਵੀ ਵੰਡੇ। ਇਸ ਸਮੇਂ ਡੀਐਸਪੀ ਰੀਡਰ ਗੁਰਮੇਲ ਸਿੰਘ ਅਤੇ ਐਸ.ਐਚ.ਓ ਜਤਿੰਦਰਪਾਲ ਸਿੰਘ ਆਪਣੀ ਟੀਮ ਸਮੇਤ ਮੌਜੂਦ ਸਨ।
ਇਸ ਸਮੇਂ ਸੁਮਿਤ ਬੰਦਲਿਸ਼, ਵਪਾਰ ਮੰਡਲ ਦੇ ਪਵਨ ਗੁੱਜਰਾਂ, ਕਮਲ ਗਰਗ, ਆੜਤੀ ਐਸੋ. ਦੇ ਰਾਜੇਸ਼ ਗੋਇਲ, ਤਰਸੇਮ ਕੁਲਾਰ, ਰਾਜਿੰਦਰ ਕੁਮਾਰ ਬਬਲੀ, ਕਰਿਆਨਾ ਐਸੋ. ਪ੍ਰਧਾਨ ਰਾਜੀਵ ਸਿੰਗਲਾ, ਰਾਜੇਸ਼ ਪਾਲੀ, ਕੌਂਸਲਰ ਸੁਨੀਲ ਗੋਇਲ, ਮਲਕੀਤ ਥਿੰਦ, ਦਵਿੰਦਰ ਸਿੰਘ ਆਦਿ ਮੌਜੂਦ ਸਨ।

