ਚੰਡੀਗੜ/ਐਸ.ਏ.ਐਸ. ਨਗਰ, 10 ਅਗਸਤ (ਸ਼ਿਵ ਨਾਰਾਇਣ ਜਾਂਗੜਾ)- ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮੀਟਿਡ (ਪੀ.ਐਸ.ਆਈ.ਈ.ਸੀ.) ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ਵਿੱਚ ਮੁਹਾਲੀ ਦੇ ਸਨਅਤੀ ਖੇਤਰ ਫ਼ੇਜ਼-8ਏ ਅਤੇ 8ਬੀ ਦੀ ਸਾਂਭ-ਸੰਭਾਲ ਦਾ ਜ਼ਿੰਮਾ ਨਗਰ ਨਿਗਮ ਮੁਹਾਲੀ ਹਵਾਲੇ ਕਰ ਦਿੱਤਾ।
ਇਸ ਸਬੰਧੀ ਕਰਵਾਏ ਸਮਾਰੋਹ ਦੌਰਾਨ ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਕਿਉਂਕਿ ਇਨਾਂ ਸਨਅਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਲੋੜ ਸੀ। ਇਨਾਂ ਖੇਤਰਾਂ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਉਨਾਂ ਭਰੋਸਾ ਜਤਾਇਆ ਕਿ ਨਗਰ ਨਿਗਮ ਹੁਣ ਇਸ ਇਲਾਕੇ ਦੀ ਵੱਡੇ ਪੱਧਰ ਉਤੇ ਕਾਇਆ ਕਲਪ ਕਰੇਗਾ ਅਤੇ ਇਸ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕੀਤਾ ਜਾਵੇਗਾ। ਸਨਅਤ ਤੇ ਵਣਜ ਮੰਤਰੀ ਤੋਂ ਹੋਰ ਫੰਡਾਂ ਦੀ ਮੰਗ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੇ ਪਿਆਰ ਸਦਕਾ ਹੀ ਇੱਥੋਂ ਤੱਕ ਪੁੱਜੇ ਹਨ ਅਤੇ ਉਨਾਂ ਨੂੰ ਸਿਆਸਤ ਕਿਸੇ ਵਿਰਾਸਤ ਵਿੱਚ ਨਹੀਂ ਮਿਲੀ, ਸਗੋਂ ਉਨਾਂ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਉਨਾਂ ਕਿਹਾ ਕਿ ਹਲਕੇ ਦੇ ਲੋਕ ਉਨਾਂ ਲਈ ਇਕ ਪਰਿਵਾਰ ਵਾਂਗ ਹਨ।
ਕੈਬਨਿਟ ਮੰਤਰੀ ਨੇ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਸਦਕਾ ਮੁਹਾਲੀ ਸ਼ਹਿਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਚੰਡੀਗੜ ਨੂੰ ਪਿੱਛੇ ਛੱਡ ਦਿੱਤਾ ਹੈ।
ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਵਿਕਾਸ ਦੀ ਇਸ ਲਹਿਰ ਦੀ ਬੇਹੱਦ ਲੋੜ ਸੀ ਅਤੇ ਨਗਰ ਨਿਗਮ ਕੋਲ ਇਨਾਂ ਸਨਅਤੀ ਖੇਤਰਾਂ ਦੀ ਸਾਂਭ-ਸੰਭਾਲ ਲਈ ਚੋਖੇ ਫੰਡ ਮੌਜੂਦ ਹਨ। ਉਨਾਂ ਕਿਹਾ ਕਿ ਮੁਹਾਲੀ ਸਨਅਤੀ ਗਤੀਵਿਧੀਆਂ ਦਾ ਧੁਰਾ ਬਣ ਰਿਹਾ ਹੈ ਅਤੇ ਜੇ ਅਸੀਂ ਛੇਤੀ ਤੋਂ ਛੇਤੀ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਾਂਗੇ ਤਾਂ ਇਹ ਸ਼ਹਿਰ ਸੂਬੇ ਭਰ ਵਿੱਚੋਂ ਆਪਣੇ ਲਈ ਵੱਡੇ ਸਨਅਤੀ ਸ਼ਹਿਰ ਦਾ ਖ਼ਿਤਾਬ ਹਾਸਲ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਦੌਰਾਨ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਆਪਣੇ ਸਨਅਤੀ ਇਲਾਕਿਆਂ ਨੂੰ ਆਲਮੀ ਤਰਜ਼ ਉਤੇ ਵਿਕਸਤ ਕਰਨ ਦੇ ਖੇਤਰ ਵਿੱਚ ਇਹ ਸ਼ਹਿਰ ਝੰਡਾ ਬਰਦਾਰ ਬਣੇਗਾ। ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਇਨਾਂ ਕੋਸ਼ਿਸ਼ਾਂ ਦੀ ਪ੍ਰੋੜਤਾ ਕਰਦਿਆਂ ਆਖਿਆ ਕਿ ਇਨਾਂ ਖੇਤਰਾਂ ਦੇ ਨਾਲ ਨਾਲ ਸ਼ਹਿਰ ਦੇ ਹੋਰ ਇਲਾਕਿਆਂ ਦੀ ਸਾਂਭ-ਸੰਭਾਲ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਪੀ.ਐਸ.ਆਈ.ਈ.ਸੀ. ਦੀ ਐਮ.ਡੀ. ਨੀਲਿਮਾ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼, ਜਨਰਲ ਸਕੱਤਰ ਰਾਜੀਵ ਗੁਪਤਾ ਅਤੇ ਕਾਰਜਕਾਰਨੀ ਮੈਂਬਰ ਅਨੁਰਾਗ ਅਗਰਵਾਲ ਤੇ ਸੰਜੀਵ ਗਰਗ ਹਾਜ਼ਰ ਸਨ।