ਭਿੱਖੀਵਿੰਡ, 22 ਸਤੰਬਰ (ਰਣਬੀਰ ਸਿੰਘ)- ਮਾਝੇ ਦੇ ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ 5, 6 ਅਤੇ 7 ਅਕਤੂਬਰ ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਸੰਬੰਧੀ ਇੱਕ ਮੀਟਿੰਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਕੀਤੀ ਗਈ। ਮੀਟਿੰਗ ‘ਚ ਐਸ.ਜੀ.ਪੀ.ਸੀ ਮੈਂਬਰ ਬਾਬਾ ਨਿਰਮਲ ਸਿੰਘ, ਮੈਨੇਜਰ ਸਤਨਾਮ ਸਿੰਘ ਰਿਆੜ ਅਤੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਹੈਡ ਗ੍ਰੰਥੀ ਨਿਸ਼ਾਨ ਸਿੰਘ ਸ਼ਾਮਲ ਸਨ। ਇਸ ਮੀਟਿੰਗ ਵਿਚ ਜਿੱਥੇ ਇਲਾਕੇ ਭਰ ਦੀਆਂ ਸੰਗਤਾਂ ਪੁੱਜੀਆਂ ਉੱਥੇ ਹੀ ਪਿੰਡਾਂ ਦੇ ਪੰਚ ਸਰਪੰਚ, ਕਾਰ ਸੇਵਾ ਬਾਬੇ, ਸੇਵਾ ਸੁਸਾਇਟੀਆਂ ਦੇ ਸੀਨੀਅਰ ਆਗੂ ਵੀ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਲਈ ਵਧੀਆ ਅਤੇ ਯੋਗ ਪ੍ਰਬੰਧ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ‘ਚ ਹਾਜ਼ਰ ਮੈਂਬਰਾਂ ਨੇ ਸੰਗਤਾਂ ਲਈ ਪਾਰਕਿੰਗ, ਲੰਗਰ , ਲਾਈਟਾਂ, ਰਾਤ ਸਮੇਂ ਰਹਿਣ ਦਾ ਪ੍ਰਬੰਧ ਕਰਨ ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਮੈਨੇਜਰ ਸਤਨਾਮ ਸਿੰਘ ਅਤੇ ਹੈਡ ਗ੍ਰੰਥੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਵੱਖ-ਵੱਖ ਸੇਵਾ ਸੁਸਾਇਟੀਆਂ ਅਤੇ ਪ੍ਰਬੰਧਕਾਂ ਨੇ ਆਪੋ ਆਪਣੀਆਂ ਸੇਵਾਵਾਂ ਪੂਰਨ ਰੂਪ ਵਿਚ ਦੇਣ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ।