ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪਟਿਆਲਾ ਏਵੀਏਸ਼ਨ ਕਲੱਬ ਵਿਖੇ ਅੱਜ ਤੋਂ ਥਰਡ ਪੰਜਾਬ ਐਨ.ਸੀ.ਸੀ. ਏਅਰ ਵਿੰਗ ਦਾ ਪੰਜ ਰੋਜ਼ਾ ਟਰੇਨਿੰਗ ਕੈਂਪ ਸ਼ੁਰੂ ਹੋ ਗਿਆ ਹੈ, ਜਿਸ ‘ਚ ਪਟਿਆਲਾ ਸਮੇਤ ਸੰਗਰੂਰ, ਰੋਪੜ ਅਤੇ ਫ਼ਤਿਹਗੜ੍ਹ ਸਾਹਿਬ ਦੇ 120 ਐਨ.ਸੀ.ਸੀ. ਕੈਡਿਟਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਨ.ਸੀ.ਸੀ. ਗਰੁੱਪ ਹੈਡਕੁਆਟਰ ਦੇ ਨਿਰਦੇਸ਼ਾਂ ‘ਤੇ 15 ਤੋਂ 19 ਫਰਵਰੀ ਤੱਕ ਚੱਲਣ ਵਾਲੇ ਇਸ ਟਰੇਨਿੰਗ ਕੈਂਪ ‘ਚ ਚਾਰ ਜ਼ਿਲ੍ਹਿਆਂ ਦੇ 120 ਐਨ.ਸੀ.ਸੀ. ਕੈਡਿਟ ਲੜਕੇ ਤੇ ਲੜਕੀਆਂ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲੇ ਟਰੇਨਿੰਗ ਕੈਂਪ ਦੌਰਾਨ ਕੈਡਿਟਜ਼ ਨੂੰ ਫਲਾਇੰਗ, ਡਰਿੱਲ ਅਤੇ ਹਥਿਆਰਾਂ ਸਬੰਧੀ ਟਰੇਨਿੰਗ ਦੇਣ ਸਮੇਤ ਕੈਡਿਟਜ਼ ਨੂੰ ਬੀ ਅਤੇ ਸੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾਵੇਗੀ। ਕੈਪਟਨ ਰਾਜੇਸ਼ ਸ਼ਰਮਾ ਨੇ ਦੱਸਿਆ ਭਾਵੇਂ ਕੋਵਿਡ ਸਮੇਂ ਦੌਰਾਨ ਵੀ ਕੈਡਿਟਜ਼ ਨੂੰ ਆਨ-ਲਾਈਨ ਟਰੇਨਿੰਗ ਦਿੱਤੀ ਜਾ ਰਹੀ ਸੀ, ਪਰ ਉਨ੍ਹਾਂ ਨਾਲ ਸਿੱਧਾ ਸੰਪਰਕ ਕਾਇਮ ਕਰਨ ਲਈ ਇਹ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਸ ਕੈਂਪ ‘ਚ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। 5 ਦਿਨਾਂ ਟਰੇਨਿੰਗ ਦੌਰਾਨ ਕੈਂਪ ਕਮਾਡੈਂਟ ਤੇ ਵਾਰੰਟ ਅਫ਼ਸਰ ਸਤਵੀਰ ਸਿੰਘ ਕੈਡਿਟਜ਼ ਦੀ ਅਗਵਾਈ ਕਰਨਗੇ।