ਚੰਡੀਗੜ੍ਹ, 22 ਸਤੰਬਰ (ਸ਼ਿਵ ਨਾਰਾਇਣ ਜਾਂਗੜਾ)- ਪੰਜਾਬ ਮੰਤਰੀ ਮੰਡਲ ਵਿਚ ਛੇਤੀ ਹੀ ਕਈ ਨਵੇਂ ਚਿਹਰੇ ਦਿਖਾਏ ਦੇ ਸਕਦੇ ਹਨ। ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਬੇਸ਼ੱਕ ਸੀਨੀਅਰ ਨੇਤਾਵਾਂ ਨੂੰ ਤਵੱਜੋ ਦਿੱਤੀ ਜਾਵੇ ਪਰ ਨਵੇਂ ਚਿਹਰਿਆਂ ਨੂੰ ਪਹਿਲ ਦਿੱਤੀ ਜਾਵੇ ਤਾਂਕਿ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਲੋਕ ਪੰਜਾਬ ਕਾਂਗਰਸ ’ਤੇ ਭਰੋਸਾ ਕਰ ਸਕੇ। ਹਾਈਕਮਾਨ ਦੇ ਨਾਲ ਵਰਚੂਅਲ ਬੈਠਕ ਵਿਚ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਛੇਤੀ ਪੂਰਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਰਾਹੁਲ ਨੇ ਇਹ ਵੀ ਹਿਦਾਇਤ ਦਿੱਤੀ ਕਿ ਅਗਲੀ ਰਣਨੀਤੀ ਨੂੰ ਲੈ ਕੇ ਵਿਸਤਾਰਪੂਰਵਕ ਸੂਚੀ 24 ਘੰਟਿਆਂ ਵਿਚ ਦਿੱਤੀ ਜਾਵੇਗੀ। ਉੱਧਰ ਦੂਜੇ ਪਾਸੇ ਕੈਪਟਨ ਸਮਰਥਕਾਂ ਦੀਆਂ ਬੈਠਕਾਂ ਦਾ ਦੌਰ ਵੀ ਜਾਰੀ ਰਿਹਾ। ਸਾਂਸਦ ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਔਜਲਾ, ਵਿਧਾਇਕ ਫਤਹਿਜੰਗ ਸਿੰਘ ਬਾਜਵਾ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਬੈਠਕਾਂ ਕੀਤੀਆਂ। ਬੈਠਕ ਦੌਰਾਨ ਨੇਤਾਵਾਂ ਨੇ ਮੰਤਰੀ ਮੰਡਲ ਵਿਸਥਾਰ ਵਿਚ ਸੀਨੀਅਰ ਨੇਤਾਵਾਂ ਨੂੰ ਤਰਜੀਹ ਦੇਣ ਦੀ ਗੱਲ ਰੱਖੀ ਹੈ। ਇਸ ਸੰਬੰਧ ਵਿਚ ਅੰਬੀਕਾ ਸੋਨੀ ਨਾਲ ਵੀ ਗੱਲ ਕੀਤੀ। ਮੁੱਖ ਮੰਤਰੀ ਚੰਨੀ ਅਤੇ ਸਿੱਧੂ ਦੀ ਅੰਬੀਕਾ ਸੋਨੀ ਨਾਲ ਮੁਲਾਕਾਤ ਨੂੰ ਵੀ ਇਸ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ ਕਿ ਅੰਬੀਕਾ ਸੋਨੀ ਦੋਵੇਂ ਪਾਸੇ ਇਕਸੁਰਤਾ ਬੈਠਾਉਣ ਦੀ ਭੂਮਿਕਾ ਨਿਭਾਉਣ ਦੀ ਮੁਦਰਾ ਵਿਚ ਹਨ। ਮੰਗਲਵਾਰ ਦੁਪਹਿਰ ਨੂੰ ਦਿੱਲੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ, ਉਪ-ਮੁੱਖ ਮੰਤਰੀ ਓ.ਪੀ. ਸੋਨੀ, ਸੁਖਜਿੰਦਰ ਰੰਧਾਵਾ ਅਤੇ ਪੀ.ਪੀ.ਸੀ.ਸੀ. ਦੇ ਚੀਫ ਨਵਜੋਤ ਸਿੱਧੂ ਦਿਨਭਰ ਬੈਠਕਾਂ ਵਿਚ ਮਸ਼ਰੂਫ ਰਹੇ। ਇਨ੍ਹਾਂ ਨੇਤਾਵਾਂ ਨੇ ਪਹਿਲਾਂ ਕਾਂਗਰਸ ਹਾਈਕਮਾਨ ਦੇ ਦਿੱਗਜ ਨੇਤਾਵਾਂ ਨਾਲ ਵੰਨ-ਟੂ-ਵੰਨ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਸੀਨੀਅਰ ਨੇਤਾ ਵੇਣੂਗੋਪਾਲ ਦੇ ਘਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਈ ਸੀਨੀਅਰ ਨੇਤਾਵਾਂ ਨਾਲ ਸੰਯੁਕਤ ਰੂਪ ’ਚ ਵਰਚੂਅਲ ਮੀਟਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਸੰਗਠਨਾਤਮਕ ਢਾਂਚੇ ’ਤੇ ਵੀ ਚਰਚਾ ਕੀਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੱਧੂ ਚੰਡੀਗੜ੍ਹ ਏਅਰਪੋਰਟ ਇੱਕ ਨਿੱਜੀ ਜਹਾਜ਼ ਵਿਚ ਸਵੇਰੇ ਦਿੱਲੀ ਲਈ ਰਵਾਨਾ ਹੋਏ। ਜਹਾਜ਼ ਵਿਚ ਸਿੱਧੂ ਦੇ ਰਿਸ਼ਤੇਦਾਰ ਸਮਿਤ ਵੀ ਨਾਲ ਰਹੇ। ਇਨ੍ਹਾਂ ਨੇਤਾਵਾਂ ਨੇ ਸਭਤੋਂ ਪਹਿਲਾਂ ਕਾਂਗਰਸ ਦੀ ਸੀਨੀਅਰ ਨੇਤਾ ਅੰਬੀਕਾ ਸੋਨੀ ਨਾਲ ਬੈਠਕ ਕੀਤੀ। ਇਸ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਮੌਕੇ ’ਤੇ ਪਹੁੰਚੇ ਅਤੇ ਬੈਠਕ ਵਿਚ ਹਿੱਸਾ ਲਿਆ। ਬੈਠਕ ਵਿਚ ਪੰਜਾਬ ਕੈਬਨਿਟ ਵਿਚ ਨਵੇਂ ਮੰਤਰੀਆਂ ਨੂੰ ਸ਼ਾਮਿਲ ਕਰਬ ਲਈ ਸਲਾਹ ਮਸ਼ਵਰਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਗਏ ਨੇਤਾ ਰਾਤ 10 ਵਜੇ ਦਿੱਲੀ ਤੋਂ ਵਾਪਿਸ ਪਰਤਣਗੇ ਅਤੇ ਸਿੱਧੇ ਅੰਮ੍ਰਿਤਸਰ ਪਹੁੰਚਣਗੇ। ਇੱਥੇ ਸਵੇਰੇ ਸਾਢੇ 3 ਵਜੇ ਸ੍ਰੀ ਦਰਬਾਰ ਸਾਹਿਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕਰੀਬੀ ਵਿਧਾਇਕਾਂ, ਸੰਸਦਾਂ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣਗੇ। ਦਿੱਲੀ ਤੋਂ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਵਿਚ ਦਿਨਭਰ ਕਾਂਗਰਸ ਨੇਤਾਵਾਂ ਦੀ ਬੈਠਕ ਵਿਚ ਸਾਰੇ ਨੇਤਾ ਇਸ ਗੱਲ ’ਤੇ ਇੱਕਸੁਰ ਰਹੇ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਤੱਤਕਾਲ ਪਹਿਲ ਦਿੱਤੀ ਜਾਵੇ। ਰਾਹੁਲ ਗਾਂਧੀ ਨੇ ਵੀ ਚੰਨੀ, ਸਿੱਧੂ, ਰੰਧਾਵਾ ਅਤੇ ਸੋਨੀ ਨਾਲ ਗੱਲਬਾਤ ਵਿਚ 18 ਸੂਤਰੀ ਏਜੰਡੇ ਨੂੰ ਤੱਤਕਾਲ ਅਮਲ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਖਾਸ ਤੌਰ ’ਤੇ ਬੇਅਦਬੀ ਗੋਲੀਕਾਂਡ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਅੰਜ਼ਾਮ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ। ਇਸ ਕੜੀ ਵਿਚ ਮਾਫੀਆ ਰਾਜ ਦਾ ਸਫਾਇਆ ਕਰਨ ਤੋਂ ਇਲਾਵਾ ਨਸ਼ੇ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਕਿਹਾ ਗਿਆ ਹੈ। ਉਥੇ ਹੀ, ਲੋਕਾਂ ਨੂੰ ਰਾਹਤ ਦੇਣ ਦੀ ਦਿਸ਼ਾ ਵਿਚ ਬਿਜਲੀ-ਪਾਣੀ ਮੁਫ਼ਤ ਉਪਲੱਬਧ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਪਹਿਲੀ ਕੈਬਨਿਟ ਵਿਚ ਹੀ ਕਈ ਮਸਲਿਆਂ ’ਤੇ ਸਲਾਹ ਮਸ਼ਵਰਾ ਕੀਤਾ ਗਿਆ ਹੈ। ਬੈਠਕ ਵਿਚ ਬਿਜਲੀ ਦੇ 200 ਤੋਂ 300 ਯੂਨਿਟ ਕਰਨ, ਗਰੀਬਾਂ ਨੂੰ ਘਰ ਉਪਲੱਬਧ ਕਰਵਾਉਣਾ, ਐੱਸ.ਸੀ.ਐੱਸ.ਟੀ. ਅਨੁਸੂਚਿਤ ਜਨਜਾਤੀਆਂ ਨਾਲ ਸਬੰਧਤ ਵੱਖ-ਵੱਖ ਵੈਲਫੇਅਰ ਯੋਜਨਾਵਾਂ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ ਹੈ। ਅਗਲੀ ਬੈਠਕ ਵਿਚ ਮੰਤਰੀ ਮੰਡਲ ਦੀ ਬੈਠਕ ਵਿਚ ਵੀ ਅੰਤਿਮ ਮੋਹਰ ਲਾ ਦਿੱਤੀ ਜਾਵੇਗੀ।