ਫਿਰੋਜ਼ਪੁਰ, 27 ਸਤੰਬਰ (ਸੰਦੀਪ ਟੰਡਨ): ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਦੇ ਸੱਦੇ ਤੇ ਮੁੱਦਕੀ ਵਿਖੇ ਹਾਈਵੇ ਰੋਡ ਬੰਦ ਕਰਕੇ ਵੱਖ-ਵੱਖ ਜਥੇਬੰਦੀਆਂ ਭਰਵਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾਂ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਿੱਸਾ ਲਿਆ। ਇਹ ਬੰਦ ਪਿਛਲੇ ਦਸ ਮਹੀਨੇ ਤੋਂ ਚੱਲ ਰਹੇ ਕਿਸਾਨ ਮੋਰਚੇ ਦੀਆਂ ਮੰਗਾਂ ਨੂੰ ਲੈ ਕਿ ਕੀਤਾ ਗਿਆ ਸੀ। ਇਨ੍ਹਾਂ ਮੰਗਾਂ ਵਿੱਚ ਤਿੰਨ ਕਿਸਾਨੀ ਬਿੱਲ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ, ਲੋਕਪੱਖੀ ਬੁੱਧੀਜੀਵੀਆਂ ਦੀ ਰਿਹਾਈ, ਫਸਲਾਂ ਦਾ ਘੱਟੋ ਘੱਟ ਸਮਰਥਨ ਕਾਨੂੰਨੀ ਰੂਪ ਵਿਚ ਸਥਾਪਿਤ ਕਰਨ ਆਦਿ ਸ਼ਾਮਲ ਹਨ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅਜੋਕੀ ਭਾਜਪਾ ਹਕੂਮਤ ਕਾਰਪੋਰੇਟਾਂ ਦੀ ਸਰਕਾਰ ਹੈ ਅਤੇ ਇਸਦੇ ਨਾਲ ਹੀ ਇਸਦਾ ਲੁਕਵਾ ਹਿੰਦੂਤਵੀ ਇਕਹਿਰੀ ਵਿਚਾਰਧਾਰਾ ਅਧਾਰਿਤ ਫਾਸੀਵਾਦੀ ਏਜੰਡਾ ਵੀ ਹੈ, ਜਿਥੇ ਇਕ ਪਾਸੇ ਇਹ ਹਕੂਮਤ ਵਿਸ਼ਵੀ ਸਰਮਾਏ ਤੇ ਇਸਦੀਆਂ ਸੰਸਥਾਵਾਂ ਵਿਸ਼ਵ ਵਪਾਰ ਸੰਗਠਨ, ਅੰਤਰ ਰਾਸ਼ਟਰੀ ਮੁੱਦਰਾ ਕੋਸ਼ ਅਤੇ ਵਲਡ ਬੈਂਕ ਆਦਿ ਦੀਆਂ ਹੀ ਨੀਤੀਆਂ ਲਾਗੂ ਕਰਕੇ ਕਿਰਤੀ ਲੋਕਾਈ ਦੇ ਜਲ, ਜੰਗਲ ਤੇ ਜ਼ਮੀਨ ਨੂੰ ਆਪਣੇ ਅੰਨੇ ਮੁਨਾਫੇ ਲਈ ਲੁੱਟ ਰਹੀ ਹੈ ਤਾਂ ਦੂਜੇ ਪਾਸੇ ਇਸ ਵਿਸ਼ਵੀ ਸਰਮਾਏ ਦੀ ਦੱਲੀ ਭਾਜਪਾ ਹਕੂਮਤ ਆਪਣੀ ਖਤਰਨਾਕ ਫਾਸੀਵਾਦੀ ਵਿਚਾਰਧਾਰਾ ਰਾਹੀਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਆਦੀਵਾਸੀਆਂ, ਕਿਸਾਨਾਂ, ਘੱਟ ਗਿਣਤੀਆਂ, ਦਲਿਤਾਂ ਤੇ ਆਪਣਾ ਜਬਰ ਢਾਹ ਰਹੀ ਹੈ। ਇਸ ਫਾਸੀਵਾਦੀ ਹਕੂਮਤ ਨੇ ਲੋਕਤੰਤਰ ਦੀਆਂ ਸਾਰੀਆਂ ਸੰਸਥਾਵਾਂ ਮੀਡੀਆਂ, ਬਿਊਰੋਕ੍ਰੇਸੀ, ਨਿਆਪਾਲਿਕਾ, ਯੁੂਨੀਵਰਸਿਟੀਆਂ ਅਤੇ ਖੁਫੀਆਂ ਵਿਭਾਗਾਂ ਆਦਿ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਨ੍ਹਾਂ ਵਿਚੋਂ ਹੀ ਮੀਡੀਆਂ ਦੇ ਵਿਕੇ ਹੋਏ ਚੈਨਲਾਂ ਰਾਹੀਂ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਲਾਭੇ ਕੀਤਾ ਜਾ ਰਿਹਾ ਹੈ। ਦੇਸ਼ ਅੰਦਰ ਫਿਰਕੂ ਵੰਡਾਂ ਤੇ ਅੰਧ ਰਾਸ਼ਟਰਵਾਦ ਦੀ ਆਰਐੱਸਐੱਸ ਦੀ ਵਿਚਾਰਧਾਰਾ ਦੇ ਪ੍ਰਚਾਰ ਰਾਹੀਂ ਵੱਧਦੀਆਂ ਤੇਲ ਕੀਮਤਾਂ, ਬੇਰੁਜ਼ਗਾਰੀ ਆਦਿ ਤੋਂ ਮੱਧ ਵਰਗ ਦਾ ਧਿਆਨ ਲਾਂਭੇ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ ਹੀ ਪੰਜਾਬ ਵਿਚ ਚੋਣਾਂ ਦੇ ਦਿਨ ਨੇੜੇ ਹੋਣ ਕਰਕੇ ਲੋਕਾਂ ਨੂੰ ਭਰਮਾਉਣ ਲਈ ਵੱਖ ਵੱਖ ਪਾਰਟੀਆਂ ਆਪਣੇ ਸਿਆਸੀ ਏਜੰਡਿਆਂ ਦਾ ਜਾਲ ਬੁਣ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਪਿਛਲੇ 10 ਮਹੀਨੇ ਤੋਂ ਚੱਲ ਰਿਹਾ ਕਿਸਾਨ ਸੰਘਰਸ਼ ਹੀ ਇਸ ਵਿਸ਼ਵੀ ਸਰਮਾਏ ਤੇ ਇਸਦੀ ਕਠਪੁਤਲੀ ਭਾਜਪਾ ਹਕੂਮਤ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਲੋਕ ਘੋਲ ਦਾ ਰੂਪ ਲੈ ਚੁੱਕਾ ਇਹ ਸੰਘਰਸ਼ ਹੁਣ ਹਰ ਵਰਗ ਦੀ ਅਵਾਜ਼ ਬਣ ਗਿਆ ਹੈ। ਇਹ ਘੋਲ ਭਾਜਪਾ ਹਕੂਮਤ ਤੇ ਇਸਦੀਆਂ ਭਾਈਵਾਲ ਕਾਰਪੋਰੇਟੀ ਧਿਰਾਂ ਦੇ ਹਰ ਪ੍ਰਕਾਰ ਦੇ ਸੋਸ਼ਣਕਾਰੀ ਜਾਲ ਨੂੰ ਤੋੜਦਾ ਹੋਇਆ ਲੋਕਾਈ ਵਿਚ ਇਕ ਨਵੀਂ ਕ੍ਰਾਂਤੀਕਾਰੀ ਚੇਤਨਾ ਦਾ ਨਿਰਮਾਣ ਕਰ ਰਿਹਾ ਹੈ। ਇਸ ਬੰਦ ਮੌਕੇ ਭਾਰਤੀ ਕਿਸਾਨ ਯੁੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ, ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਫੂਲ, ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਪੰਜਾਬ ਆਦਿ ਤੋਂ ਇਲਾਵਾਂ ਹੋਰ ਕਈ ਪ੍ਰਕਾਰ ਦੀਆਂ ਜਥੇਬੰਦੀਆਂ ਤੇ ਲੋਕ ਆਗੂ ਹਰਜੀਤ ਮਾਣਾ ਗਿਲ, ਗੁਰਮੇਲ ਗਿੱਲ, ਗੁਲਜਾਰ ਸਿੰਘ, ਰਣਬੀਰ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਗੁਰਨਾਮ ਸਿੰਘ ਮੁੱਦਕੀ, ਪਰਮਜੀਤ ਕੌਰ (ਮਜਦੂਰ ਮੁਕਤੀ ਮੋਰਚਾ), ਜਸਵਿੰਦਰ ਕੌਰ ਕਲਸੀ ਆਦਿ ਹਾਜਰ ਹੋਏ।