ਪਟਿਆਲ਼ਾ, ਪ੍ਰੈਸ ਕੀ ਤਾਕਤ ਬਿਊਰੋ- 25 ਨਵੰਬਰ 2021
ਪਟਿਆਲਾ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਸ਼ਾਖ ਦਾਅ ’ਤੇ ਲੱਗੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਕਦੇ ਇਕੱਠੇ ਸੀ। ਬ੍ਰਹਮ ਮਹਿੰਦਰਾ ਕੈਪਟਨ ਸਰਕਾਰ ਵਿੱਚ ਅਹਿਮ ਮੰਤਰਾਲਿਆਂ ’ਤੇ ਰਹਿ ਚੁੱਕੇ ਹਨ ਤੇ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਨਜ਼ਰ ਆਏ ਹਨ।
ਅੱਜ ਨਗਰ ਨਿਗਮ ਦੇ ਮੇਅਰ ਰਾਹੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਹਮ ਮਹਿੰਦਰਾ ਦੀ ਤਾਕਤ ਦਾ ਇਮਤਿਹਾਨ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ, ਜਿਸ ਲਈ ਸਦਨ ਦੀ ਮੀਟਿੰਗ ਬੁਲਾਈ ਗਈ ਹੈ। ਹੁਣ ਸੰਜੀਵ ਸ਼ਰਮਾ ਬਿੱਟੂ ਨੂੰ ਸਦਨ ਵਿੱਚ ਬਹੁਮਤ ਸਾਬਤ ਕਰਨਾ ਪਵੇਗਾ। ਜਿਸ ਲਈ ਕੈਬਨਿਟ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਅਜਿਹੇ ‘ਚ ਜੇਕਰ ਮੇਅਰ ਬਦਲਿਆ ਜਾਂਦਾ ਹੈ ਤਾਂ ਇਹ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਹਿਲਾ ਵੱਡਾ ਝਟਕਾ ਹੋਵੇਗਾ। ਇਸ ਸਦਮੇ ਤੋਂ ਬਚਣ ਲਈ ਸ਼ਾਹੀ ਪਰਿਵਾਰ ਪੂਰੇ ਜ਼ੋਰ ਸ਼ੋਰ ਨਾਲ ਲੱਗਾ ਹੋਇਆ ਹੈ।
ਪਟਿਆਲਾ ਨਗਰ ਨਿਗਮ ਹਾਊਸ ਵਿੱਚ ਕੁੱਲ 60 ਕੌਂਸਲਰ ਹਨ। ਮੇਅਰ ਬਣਨ ਲਈ 31 ਕੌਂਸਲਰਾਂ ਦੀ ਲੋੜ ਪਵੇਗੀ। ਇਸ ਸਮੇਂ ਮੇਅਰ ਸੰਜੀਵ ਸ਼ਰਮਾ ਬਿੱਟੂ ਆਪਣਾ ਅਹੁਦਾ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕੋਲ ਕੁਰਸੀ ਨਹੀਂ ਹੈ ਪਰ ਸ਼ਾਹੀ ਪਰਿਵਾਰ ਦੀ ਸਿਆਸੀ ਪਕੜ ਕਾਰਨ ਕੌਂਸਲਰ ਉਸ ਦੇ ਹੱਕ ਵਿੱਚ ਵੋਟਾਂ ਪਾ ਸਕਦੇ ਹਨ।