65 ਸ਼ਹੀਦਾਂ ਦੀਆਂ ਫੋਟੋਆਂ ਅਤੇ ਵੇਰਵੇ ਫੋਟੋ ਗੈਲਰੀ ’ਚ ਕੀਤੇ ਗਏ ਹਨ ਸਥਾਪਿਤ
ਬਰਨਾਲਾ, 17 ਅਗਸਤ (ਰਾਕੇਸ਼ ਗੋਇਲ/ਰਾਹੁਲ ਬਾਲੀ):- ਆਜ਼ਾਦੀ ਤੋਂ ਬਾਅਦ ਸਰਹੱਦਾਂ ’ਤੇ ਜਾਨਾਂ ਵਾਰਨ ਵਾਲੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਾਖਲਾ ਗੇਟ ਵਿਖੇ ਜੰਗੀ ਸ਼ਹੀਦਾਂ ਦੀ ਫੋਟੋ ਗੈਲਰੀ ਸਥਾਪਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ 15 ਅਗਸਤ ਨੂੰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਕਰ ਕੇ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਫੋਟੋ ਗੈਲਰੀ ਵਿਚ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ 65 ਸ਼ਹੀਦਾਂ ਦੀਆਂ ਫੋਟੋਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਚੀਨ, ਪਾਕਿਸਤਾਨ ਨਾਲ ਜੰਗਾਂ ਦੌਰਾਨ ਅਤੇ ਹੋਰ ਵੱਖ ਵੱਖ ਸਮਿਆਂ ’ਤੇ ਦੇਸ਼ ਲਈ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਆਖਿਆ ਕਿ ਜਿਹੜੇ ਮਹਾਨ ਵਿਅਕਤੀਆਂ ਨੇ ਸਾਡੇ ਦੇਸ਼ ਅਤੇ ਸਾਡੇ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਆਪਾ ਵਾਰ ਦਿੱਤਾ, ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਨ੍ਹਾਂ ਦੀ ਦੇਣ ਨੂੰ ਯਾਦ ਰੱਖਿਆ ਜਾਵੇ, ਖਾਸ ਕਰਕੇ ਸਾਡੀ ਨੌਜਵਾਨ ਪੀੜੀ ਸ਼ਹੀਦ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਜਾਣੂ ਹੋਵੇ।
ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਤਹਿਤ ਇਹ ਗੈਲਰੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਜ਼ਿਲ੍ਹੇ ਨਾਲ ਸਬੰਧਤ ਸ਼ਹੀਦਾਂ ਦਾ ਡੇਟਾ ਇਕੱਠਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਵਾਸਤੇ ਜ਼ਿਲ੍ਹਾ ਇੰਚਾਰਜ ਜੀਓਜੀ ਲੈਫਟੀਨੈਂਟ ਕਰਨਲ ਲਾਭ ਸਿੰਘ ਦੀ ਅਗਵਾਈ ਵਿਚ ਜੀਓਜੀ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ। ਜੀਓਜੀ ਟੀਮ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ’ਚੋਂ ਵੇਰਵੇ ਇਕੱਤਰ ਕੀਤੇ ਅਤੇ ਇਸ ਚੁਣੌਤੀਪੂਰਨ ਕੰਮ ਨੂੰ ਸਿਰੇ ਚੜ੍ਹਾਉਣ ਵਿੱਚ ਲਗਭਗ 6 ਮਹੀਨੇ ਲੱਗੇ।
ਜੀਓਜੀ ਜ਼ਿਲ੍ਹਾ ਇੰੰਚਾਰਜ ਲੈਫਟੀਨੈਂਟ ਕਰਨਲ ਲਾਭ ਸਿੰਘ ਨੇ ਦੱਸਿਆ ਕਿ ਗੈਲਰੀ ਵਿਚ 1965, 1971 ਤੇ ਹੋਰ ਵੱੱਖ ਵੱਖ ਸਮਿਆਂ ਦੇ ਸ਼ਹੀਦਾਂ ਦੀਆਂ 65 ਫੋਟੋਆਂ ਸਥਾਪਿਤ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਯਾਦਗਾਰੀ ਫੋਟੋ ਗੈਲਰੀ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸ਼ਹੀਦ ਅਸਿਸਟੈਂਟ ਕਮਾਂਡੈਂਟ ਲਾਭ ਸਿੰਘ (1994) ਦੇ ਪੁੱਤਰ ਕੁਲਜੀਤ ਸਿੰਘ ਵਾਸੀ ਪੰਡੋਰੀ ਨੇ ਆਖਿਆ ਕਿ ਨੌਜਵਾਨ ਪੀੜੀ ਦਾ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦਾ ਇਹ ਕਦਮ ਬਾਕੀ ਜ਼ਿਲਿ੍ਹਆਂ ਲਈ ਵੱਡੀ ਉਦਾਹਰਨ ਹੈ। ਸ਼ਹੀਦ ਨਿਰਮਲ ਸਿੰਘ ਵਾਸੀ ਹੰਡਿਆਇਆ ਦੀ ਪਰਿਵਾਰਕ ਮੈਂਬਰ ਸਤਵੰਤ ਕੌਰ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੇਸ਼ ਵਾਸੀਆਂ ਦੀ ਹਿਫਾਜ਼ਤ ਲਈ ਆਪਾ ਵਾਰ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਫੋਟੋ ਗੈਲਰੀ ਸਥਾਪਿਤ ਕਰਨਾ ਚੰਗਾ ਕਦਮ ਹੈ ਤਾਂ ਜੋ ਸ਼ਹੀਦ ਸੈਨਿਕਾਂ ਦੀ ਯਾਦ ਨੂੰ ਬਰਕਰਾਰ ਰੱਖਿਆ ਜਾ ਸਕੇ।