ਫਿਰੋਜ਼ਪੁਰ, 8 ਅਕਤੂਬਰ (ਸੰਦੀਪ ਟੰਡਨ)- ਪੁਲਿਸ ਨੇ ਸ਼ਹਿਰ ਦੀ ਨਮਕ ਮੰਡੀ ਵਿਚ ਮਨਿਆਰੀ ਦੀ ਦੁਕਾਨ ਵਿਚ ਬਲਾਸਟ ਕਰਨ ਅਤੇ ਬਲੋਚਾ ਵਾਲੀ ਬਸਤੀ ਵਿਚ ਘਰ ਦੇ ਬਾਹਰ ਖੜੀ ਕਰੇਟਾ ਕਾਰ ਨੂੰ ਅੱਗ ਲਗਾਉਣ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਰਾਜਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਪੁਲਿਸ ਨੇ ਰਮੇਸ਼ ਕੁਮਾਰ ਪੁੱਤਰ ਮਦਨ ਲਾਲ ਮੋਗਾ ਵਾਸੀ ਗਲੀ ਬੋਲੀ ਰਾਮ ਦਿਆਲ ਮੰਡੀ ਜੰਡੀ ਮੁਹੱਲਾ ਫਿਰੋਜ਼ਪੁਰ ਸ਼ਹਿਰ ਦੀ ਨਮਕ ਮੰਡੀ ਫਿਰੋਜ਼ਪੁਰ ਸਥਿਤ ਮਨਿਆਰੀ ਦੀ ਦੁਕਾਨ ਨੂੰ ਬਲਾਸਟ ਕਰਕੇ ਉਡਾਣ ਦੇ ਦੋਸ਼ ਵਿਚ 6 ਸਤੰਬਰ 2021 ਨੂੰ ਮਾਮਲਾ ਥਾਣਾ ਸਿਟੀ ਵਿਚ ਦਰਜ ਕੀਤਾ ਸੀ ਅਤੇ ਇਸ ਦੇ ਇਲਾਵਾ ਪੁਲਿਸ ਨੇ ਰਜਿੰਦਰ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬਸਤੀ ਬਲੋਚਾ ਵਾਲੀ ਫਿਰੋਜ਼ਪੁਰ ਸ਼ਹਿਰ ਦੀ ਘਰ ਦੇ ਬਾਹਰ ਖੜੀ ਐੱਚਆਰ 26 ਡੀਐੱਚ 8443 ਕਰੇਟਾ ਕਾਰ ਨੂੰ ਅੱਗ ਲਗਾਉਣ ਸਬੰਧੀ 8 ਅਗਸਤ ਨੂੰ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਮ ਮਾਮਲਿਆਂ ਵਿਚ ਕਾਰਵਾਈ ਕਰਦੇ ਹੋਏ ਐੱਸਪੀ ਗੁਰਪ੍ਰੀਤ ਸਿੰਘ ਚੀਮਾ ਅਤੇ ਸਤਿੰਦਰ ਸਿੰਘ ਵਿਰਕ ਡੀਐੱਸਪੀ ਦੀ ਦੇਖ ਰੇਖ ਵਿਚ ਇੰਸਪੈਕਟਰ ਮਨੋਜ ਕੁਮਾਰ ਥਾਣਾ ਮੁੱਖੀ ਫਿਰੋਜ਼ਪੁਰ ਅਤੇ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਚਾਂਦੀ ਵਾਲਾ ਥਾਣਾ ਸਦਰ ਫਿਰੋਜ਼ਪੁਰ ਅਤੇ ਸ਼ੁਕੀਨ ਪੁੱਤਰ ਅਮੀਰ ਸਿੰਘ ਵਾਸੀ ਮੋਹਨ ਸਿੰਘ ਵਾਲੀ ਉਰਫ ਧਰਮੂਵਾਲਾ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ 5 ਦਿਨਾਂ ਦਾ ਰਿਮਾਂਡ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਕਿ ਕੁਝ ਹੋਰ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।