-ਜ਼ਿਲ੍ਹੇ ਨੂੰ ਰੋਗਾਣੂ ਮੁਕਤ ਕਰਨ ਵਿੱਚ ਸਹਾਈ ਹੋਵੇਗਾ ਅਤਿ-ਆਧੁਨਿਕ ਤਕਨੀਕ ਨਾਲ ਸਪਰੇਅ ਕਰਨ ਵਾਲਾ ਟੈਂਕਰ : ਪਰਨੀਤ ਕੌਰ
ਪਟਿਆਲਾ, 26 ਅਪ੍ਰੈਲ (ਪੀਤੰਬਰ ਸ਼ਰਮਾ) : ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਐਮ.ਐਲ.ਏ. ਰਾਣਾ ਗੁਰਜੀਤ ਸਿੰਘ ਵੱਲੋਂ ਰਾਣਾ ਸ਼ੂਗਰਜ ਲਿਮਟਿਡ ਦੁਆਰਾ ਮੁਹੱਈਆ ਕਰਵਾਏ 20 ਹਜ਼ਾਰ ਲੀਟਰ ਸਮਰੱਥਾ ਵਾਲੇ ਵਿਸ਼ੇਸ਼ ਸਪਰੇਅ ਟੈਂਕਰ ਨੂੰ ਆਪਣੀ ਰਿਹਾਇਸ਼ ਮੋਤੀ ਬਾਗ ਪੈਲੇਸ ਤੋਂ ਰਵਾਨਾ ਕੀਤਾ।
ਸ੍ਰੀਮਤੀ ਪਰਨੀਤ ਕੌਰ ਨੇ ਟੈਂਕਰ ਦੀ ਪਟਿਆਲਾ ਜ਼ਿਲ੍ਹੇ ਵਿੱਚ ਸ਼ੁਰੂਆਤ ਕਰਨ ਮੌਕੇ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਾਰਨ ਜ਼ਿਲ੍ਹੇ ਨੂੰ ਰੋਗਾਣੂ ਮੁਕਤ ਕਰਨ ਵਿੱਚ ਇਹ ਅਤਿ ਆਧੁਨਿਕ ਤਕਨੀਕ ਨਾਲ ਲੈਸ ਸਪਰੇਅ ਟੈਂਕਰ ਕਾਫ਼ੀ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਪੂਰੀ ਸਮਰੱਥਾ ਨਾਲ ਭਰੇ ਜਾਣ ਤੋਂ ਬਾਅਦ ਟੈਂਕਰ 140 ਕਿਲੋਮੀਟਰ ਸੜਕਾਂ ਡਿਸਇਨਫੈਕਟ ਕਰੇਗਾ ਜਿਸ ਨਾਲ ਰੋਜ਼ਾਨਾ ਸਪਰੇਅ ਕਰਨ ਦੀ ਸਮਰੱਥਾ ਵਿੱਚ ਚੋਖਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਟੈਂਕਰ ਦੀ ਵਰਤੋਂ ਨਾਲ ਜਿਥੇ ਜ਼ਿਲ੍ਹੇ ਦੀਆਂ ਵੱਡੀ ਸੜਕਾਂ ਨੂੰ ਰੋਗਾਣੂ ਮੁਕਤ ਕੀਤਾ ਜਾਵੇਗਾ ਉਥੇ ਹੀ ਮੰਡੀਆਂ, ਬੱਸ ਅੱਡੇ, ਚੌੜੇ ਬਾਜ਼ਾਰਾਂ ਵਿੱਚ ਟਵਿਨਆਕਸਾਈਡ ਦੇ ਘੋਲ ਦਾ ਇਸ ਵੱਡੀ ਮਸ਼ੀਨ ਨਾਲ ਸਪਰੇਅ ਕੀਤਾ ਜਾਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਵੱਡੇ ਟੈਂਕਰ ਨੂੰ ਸਪਰੇਅ ਕਰਨ ਲਈ ਰੋਜ਼ਾਨਾ ਰੂਟ ਨਿਰਧਾਰਤ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਟੈਂਕਰ ਸੌਂਪਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਸਾਬਕਾ ਮੰਤਰੀ, ਪੰਜਾਬ ਅਤੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਸਪਰੇਅ ਕਰਨ ਦੇ ਮਕਸਦ ਨਾਲ ਰਾਣਾ ਸ਼ੂਗਰ ਲਿਮਟਿਡ ਵੱਲੋਂ ਤਿੰਨ ਤਰ੍ਹਾਂ ਦੇ ਟੈਂਕਰਾਂ ਨੂੰ ਮੋਡੀਫਾਈ ਕਰਕੇ ਸਪਰੇਅ ਮਸ਼ੀਨਾਂ ਵਿੱਚ ਤਬਦੀਲ ਕੀਤਾ ਗਿਆ ਹੈ ਜਿਸ ਵਿੱਚ ਸਭ ਤੋਂ ਵੱਡੀ ਮਸ਼ੀਨ 20 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਸਪਰੇਅ ਮਸ਼ੀਨ ਅੱਜ ਪਟਿਆਲਾ ਜ਼ਿਲ੍ਹੇ ਨੂੰ ਰੋਗਾਣੂ ਮੁਕਤ ਕਰਨ ਲਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਖੇਤਰਾਂ ਨੂੰ ਸੈਨੇਟਾਈਜ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਚਾਰਲੀ ਸਪਰੇਅ ਕੰਪਨੀ ਦੇ ਸੁਖਪਾਲ ਵੀਰ ਸਿੰਘ ਪਾਸੀ, ਪ੍ਰਦੀਪ ਸਿੰਘ ਮੁੰਡੀ ਤੇ ਗੁਰਪ੍ਰੀਤ ਸਿੰਘ ਕਪਰੂਥਲਾ ਵੀ ਮੌਜੂਦ ਸਨ।