* ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਲੋਕਾਂ ਦੀ ਸਹੂਲਤ ਲਈ ਚੌਥੇ ਕੋਵਿਡ-19 ਲਾਕਡਾਊਨ ਦੌਰਾਨ ਸ਼ੁਰੂ ਕੀਤੀ ਸੇਵਾ-ਚੇਅਰਮੈਨ
* ਪੀ.ਆਰ.ਟੀ.ਸੀ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵੱਲੋਂ ਪਟਿਆਲਾ ਬੱਸ ਅੱਡੇ ਵਿਖੇ ਬੱਸ ਸੇਵਾ ਦਾ ਜਾਇਜ਼ਾ
* ਬੱਸਾਂ ‘ਚ ਸਮਾਜਿਕ ਦੂਰੀ, ਸੈਨੇਟਾਈਜੇਸ਼ਨ ਤੇ ਮਾਸਕ ਸਮੇਤ ਜਰੂਰੀ ਇਹਤਿਆਤ ਵਰਤਿਆ ਜਾਵੇਗਾ-ਜਸਕਿਰਨ ਸਿੰਘ
ਪਟਿਆਲਾ, 20 ਮਈ (ਪੀਤੰਬਰ ਸ਼ਰਮਾ) : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਅੱਜ ਕੋਵਿਡ-19 ਦੇ ਚੌਥੇ ਲਾਕਡਾਊਨ ਦੌਰਾਨ ਕਰੀਬ ਦੋ ਮਹੀਨਿਆਂ ਮਗਰੋਂ ਆਪਣੀ ਬੱਸ ਸੇਵਾ ਬਹਾਲ ਕੀਤੀ ਹੈ। ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਸ. ਜਸਕਿਰਨ ਸਿੰਘ ਨੇ ਪਟਿਆਲਾ ਬੱਸ ਅੱਡੇ ਵਿਖੇ ਮੁੜ ਸ਼ੁਰੂ ਹੋਈ ਬੱਸ ਸੇਵਾ ਦਾ ਜਾਇਜ਼ਾ ਲਿਆ। ਸ੍ਰੀ ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾ ਅਨੁਸਾਰ ਰਾਜ ਭਰ ਵਿਚ ਆਪਣੇ 9 ਡਿਪੂਆਂ ਰਾਹੀਂ 80 ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਕਰਕੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਦਿੱਤੀ ਹੈ।
ਚੇਅਰਮੈਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਰਾਜ ਦੇ ਟਰਾਸਪੋਰਟ ਵਿਭਾਗ ਦੀ ਨੋਟੀਫਿਕੇਸ਼ਨ ਮੁਤਾਬਿਕ ਦਰਸਾਏ ਰੂਟਾਂ ‘ਤੇ ਬੱਸ ਸੇਵਾ ਅਰੰਭੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਦਿਨਾਂ ਲਈ ਯਾਤਰੀਆਂ ਦੀ ਆਵਾਜਾਈ ਹਾਲੇ ਕੁਛ ਦਿਨ ਥੋੜੀ ਰਹਿਣ ਦਾ ਅਨੁਮਾਨ ਹੈ ਪਰੰਤੂ ਪੀ.ਆਰ.ਟੀ.ਸੀ. ਨੇ ਲੋਕਾਂ ਦੀ ਸਹੂਲਤ ਲਈ ਚੋਣਵੇਂ ਰੂਟਾਂ ‘ਤੇ ਸ਼ੁਰੂ ਕਰਕੇ ਹੌਲੀ-ਹੌਲੀ ਇਸਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਬੱਸ ਸਰਵਿਸ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਕੋਰੋਨਾਵਾਇਰਸ ਤੋਂ ਬਚਾਓ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਬੱਸਾਂ ਵਿੱਚ ਸਫ਼ਰ ਦੌਰਾਨ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਯਕੀਨੀ ਤੌਰ ‘ਤੇ ਪਾਲਣਾ ਕੀਤੀ ਜਾਵੇ ਪਰੰਤੂ ਜੇਕਰ ਕਿਸੇ ਕੋਲ ਮਾਸਕ ਨਹੀਂ ਹੋਵੇਗਾ ਤਾਂ ਉਸ ਘੱਟੋ-ਘੱਟ ਕੀਮਤ ‘ਤੇ ਮਾਸਕ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਐਮ.ਡੀ. ਸ. ਜਸਕਿਰਨ ਸਿੰਘ ਨੇ ਦੱਸਿਆ ਕਿ ਬੱਸ ਸੇਵਾ ਚੋਣਵੇਂ ਰੂਟਾਂ ਦੇ ਅੰਤ ਤੋਂ ਅਖੀਰ ਤੱਕ ਹੀ ਚੱਲੇਗੀ ਅਤੇ ਰਸਤੇ ਵਿੱਚ ਆਉਂਦੇ ਕਿਸੇ ਵੀ ਬੱਸ ਅੱਡੇ ‘ਤੇ ਖੜ੍ਹੀ ਸਵਾਰੀ ਬੱਸ ਵਿਚ ਚੜ੍ਹਾਈ ਨਹੀਂ ਜਾਵੇਗੀ ਅਤੇ ਕੇਵਲ ਜ਼ਿਲ੍ਹਾ ਹੈਡਕੁਆਟਰ ‘ਤੇ ਸਵਾਰੀਆਂ ਉਤਾਰੀਆਂ ਜਾਣਗੀਆਂ। ਐਮ.ਡੀ. ਨੇ ਦੱਸਿਆ ਕਿ ਬੱਸ ਦੇ ਚਲਣ ਤੋਂ ਪਹਿਲਾ ਸਵਾਰੀਆ ਦੀਆਂ ਟਿਕਟਾਂ ਅਡਵਾਂਸ ਬੁਕਰ ਜਾ ਕੰਡਕਟਰ ਵਲੋਂ ਕਟੀਆਂ ਜਾਣਗੀਆਂ। ਇਸ ਤੋਂ ਇਲਾਵਾ ਬੱਸਾਂ ਦੇ ਡਰਾਇਵਰ ਤੇ ਕੰਡਕਟਰ ਲਈ ਵੱਖਰੇ ਤੌਰ ‘ਤੇ ਸਕਰੀਨ ਲਗਾ ਕੇ ਸਮਜਿਕ ਦੂਰੀ ਅਤੇ ਕੋਵਿਡ ਤੋਂ ਬਚਾਅ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਾਰੀ ਹਦਾਇਤਾਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਬੱਸਾਂ ਵਿੱਚ ਬੈਠਣ ਦੀ ਸਮਰੱਥਾ ਅਨੁਸਾਰ 50 ਫੀਸਦੀ ਸੀਟਾਂ ‘ਤੇ ਹੀ ਸਵਾਰੀ ਬਿਠਾਈ ਜਾਵੇਗੀ।
ਇਸ ਮੌਕੇ ਮੌਜੂਦ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਇੰਜ. ਜੇ.ਪੀ.ਐੱਸ. ਗਰੇਵਾਲ ਨੇ ਦੱਸਿਆ ਕਿ ਪਟਿਆਲਾ ਬੱਸ ਅੱਡੇ ਵਿਖੇ ਹੱਥ ਧੋਹਣ ਲਈ ਪੈਰਾਂ ਨਾਲ ਚਲਾਉਣ ਵਾਲੀਆਂ ਟੂਟੀ ਅਤੇ ਪੈਰਾਂ ਨਾਲ ਹੀ ਦਬਾ ਕੇ ਹੱਥ ਸੈਨੇਟਾਈਜ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਬੱਸਾਂ ‘ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਬੱਸ ਸੇਵਾ ਬਹਾਲ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ।