ਚੰਡੀਗੜ੍ਹ, 12 ਜੁਲਾਈ (ਸ਼ਿਵ ਨਾਰਾਇਣ ਜਾਂਗੜਾ) : ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਖ਼ਰਾਬ ਪਈਆਂ ਬਿਜਲੀ ਉਤਪਾਦਨ ਇਕਾਈਆਂ ਵਿਚੋਂ ਇਕ ਯੂਨਿਟ ਦੇ ਮੁੜ ਚਾਲੂ ਹੋਣ ਕਰਕੇ ਬਿਜਲੀ ਸਪਲਾਈ ਦੀ ਸਥਿਤੀ ਵਿਚ ਥੋੜ੍ਹਾ ਸੁਧਾਰ ਹੋਣ ਦੇ ਨਾਲ ਸੂਬਾ ਸਰਕਾਰ ਨੇ ਅੱਜ ਨਿਰੰਤਰ ਬਿਜਲੀ ਦੀ ਵਰਤੋਂ ਵਾਲੇ ਖਪਤਕਾਰਾਂ ਨੂੰ ਛੱਡ ਕੇ ਉਦਯੋਗਿਕ ਖਪਤਕਾਰਾਂ `ਤੇ ਲਗਾਈਆਂ ਗਈਆਂ ਲਗਭਗ ਸਾਰੀਆਂ ਬਿਜਲੀ ਸੰਬੰਧੀ ਬੰਦਿਸ਼ਾਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ
ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀਐਮਡੀ) ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਕੇਂਦਰੀ ਅਤੇ ਸਰਹੱਦੀ ਜ਼ੋਨਾਂ ਵਿੱਚ ਪੈਂਦੇ ਜ਼ਿਲ੍ਹਿਆਂ ਦੇ ਸਾਰੇ ਉਦਯੋਗਿਕ ਖਪਤਕਾਰਾਂ ਨੂੰ ਅੱਜ ਤੋਂ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ ਨਿਰੰਤਰ ਚੱਲਣ ਵਾਲੇ ਉਦਯੋਗਾਂ ਜਿਨ੍ਹਾਂ ਵਿੱਚ ਟੈਕਸਟਾਈਲ, ਕੈਮੀਕਲ ਅਤੇ ਸਪਿਨਿੰਗ ਮਿੱਲਾਂ ਸ਼ਾਮਲ ਹਨ ਜੋ 24 ਘੰਟੇ ਚੱਲਦੀਆਂ ਹਨ, ਨੂੰ ਹਾਲੇ ਪਹਿਲਾਂ ਤੋਂ ਲਾਗੂ ਕੀਤੀਆਂ ਪਾਬੰਦੀਆਂ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਫੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਦਿਸ਼ਾ-ਨਿਰਦੇਸ਼ਾਂ `ਤੇ ਤਿੰਨ ਦਿਨਾਂ ਬਾਅਦ ਇਕ ਵਾਰ ਫਿਰ ਤੋਂ ਨਜ਼ਰਸਾਨੀ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਬਿਜਲੀ ਦੀ ਮੰਗ ਵਿੱਚ ਹੋਏ ਅਸਾਧਾਰਣ ਵਾਧੇ ਦੇ ਕਾਰਨ, ਪੀ.ਐਸ.ਪੀ.ਸੀ.ਐਲ. ਨੇ ਇੱਕ ਆਰਜ਼ੀ ਉਪਾਅ ਦੇ ਤੌਰ `ਤੇ ਰਾਜ ਦੇ ਉਦਯੋਗਿਕ ਖਪਤਕਾਰਾਂ `ਤੇ ਬੰਦਿਸ਼ਾਂ ਲਗਾਉਣ ਦੇ ਹੁਕਮ ਦਿੱਤੇ ਸਨ ਤਾਂ ਜੋ ਘਰੇਲੂ ਖਪਤਕਾਰਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਦੇ ਨਾਲ ਨਾਲ ਝੋਨੇ ਦੀ ਬਿਜਾਈ ਸਬੰਧੀ ਕਾਰਜਾਂ ਵਾਸਤੇ ਖੇਤੀਬਾੜੀ ਸੈਕਟਰ ਨੂੰ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਿਰੰਤਰ ਚੱਲਣ ਵਾਲੇ ਉਦਯੋਗਾਂ ਨੂੰ ਫਿਲਹਾਲ ਲਈ ਨਿਰੰਤਰ ਪ੍ਰਕਿਰਿਆ ਲੋਡ ਦੀ 50 ਫੀਸਦੀ ਸਮਰੱਥਾ ਨਾਲ ਚਲਾਉਣ ਲਈ ਕਿਹਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਬਿਜਲੀ ਖ਼ਪਤ ਦੀ ਬਹੁਤ ਜ਼ਿਅਦਾ ਮੰਗ ਦੇ ਬਾਵਜੂਦ ਵਿਭਾਗ ਨੇ ਘੱਟ ਅਤੇ ਦਰਮਿਆਨੀ ਸਪਲਾਈ ਵਾਲੇ ਉਦਯੋਗਿਕ ਖਪਤਕਾਰਾਂ, ਚੌਲਾਂ ਦੇ ਸ਼ੈਲਰਾਂ, ਕੈਟਲ ਫੀਡ ਯੂਨਿਟਾਂ, ਕਾਲ ਸੈਂਟਰਾਂ, ਮਸ਼ਰੂਮ ਫਾਰਮਾਂ, ਫੂਡ ਪ੍ਰੋਸੈਸਿੰਗ ਇਕਾਈਆਂ ਅਤੇ ਹੋਰ ਜ਼ਰੂਰੀ ਉਦਯੋਗਾਂ / ਸੇਵਾਵਾਂ ਉੱਤੇ ਸ਼ੁਰੂ ਤੋਂ ਹੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ।
ਪੰਜਾਬ ਵਿੱਚ 99,834 ਘੱਟ ਖ਼ਪਤ ਵਾਲੇ ਅਤੇ 30,176 ਦਰਮਿਆਨੀ ਖ਼ਪਤ ਵਾਲੇ ਉਦਯੋਗਿਕ ਖ਼ਪਤਕਾਰ ਹਨ ਜਿਨ੍ਹਾਂ ਉੱਤੇ ਘਰੇਲੂ ਖੇਤਰ ਲਈ ਬਿਜਲੀ ਦੀ ਮੰਗ ਵਧਣ ਦੇ ਬਾਵਜੂਦ ਬਿਜਲੀ ਦੀ ਵਰਤੋਂ ਸਬੰਧੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਲਈ 5071 ਵੱਡੇ ਖਪਤਕਾਰਾਂ ਜੋ 1000 ਕੇਵੀਏ ਐਸ.ਸੀ.ਡੀ. ਦੀ ਵਰਤੋਂ ਕਰਦੇ ਹਨ, ਨੂੰ ਦਿਨ ਵਿਚ 12 ਘੰਟੇ ਲਈ 100 ਕੇ.ਵੀ.ਏ. ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ।ਸੂਬੇ ਵਿੱਚ ਕਾਰਜਸ਼ੀਲ ਜ਼ਿਆਦਾ ਸਪਲਾਈ ਵਾਲੀਆਂ 282 ਆਰਕ ਫਰਨੇਸਿਜ਼ `ਤੇ ਐਸ.ਸੀ.ਡੀ. ਦੇ ਸਿਰਫ਼ 5% ਫੀਸਦੀ ਤੱਕ ਪਾਬੰਦੀ ਲਗਾਈ ਹੈ।
ਬੁਲਾਰੇ ਨੇ ਕਿਹਾ ਕਿ ਤਲਵੰਡੀ ਸਾਬੋ ਥਰਮਸ ਪਲਾਂਟ ਦੇ ਖ਼ਰਾਬ ਹੋਣ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਨੇ 1 ਜੁਲਾਈ ਨੂੰ 3066 ਲੱਖ ਯੂਨਿਟ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮੰਗ ਨੂੰ ਪੂਰਾ ਕੀਤਾ ਸੀ। ਇਸ ਦਿਨ ਦੀ ਮੰਗ ਨੇ ਸੂਬੇ ਵਿੱਚ ਇੱਕ ਦਿਨ `ਚ 3018 ਲੱਖ ਯੂਨਿਟਾਂ ਦੀ ਸਪਲਾਈ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਦਿੱਤਾ ਸੀ।