ਚੋਣਵੀਆਂ ਸਰਜਰੀਆਂ ਅਤੇ ਸਾਰੀਆਂ ਓ.ਪੀ.ਡੀ. ਸੇਵਾਵਾਂ ਬਹਾਲ ਹੋਣਗੀਆਂ, ਜ਼ਰੂਰੀ ਗੈਰ-ਮੈਡੀਕਲ ਵਰਤੋਂ ਲਈ ਆਕਸੀਜਨ ਦੀ ਇਜਾਜ਼ਤ
ਸੰਭਾਵੀ ਤੀਜੀ ਲਹਿਰ ਦੀ ਤਿਆਰੀ ਲਈ ਸੂਬੇ ਵੱਲੋਂ ਕੇਂਦਰ ਪਾਸੋਂ ਬੱਚਿਆਂ ਵਾਸਤੇ 500 ਪੈਡੀਐਟਰਿਕ ਵੈਂਟੀਲੇਟਰਾਂ ਦੀ ਮੰਗ ਕੀਤੀ ਜਾਵੇਗੀ
ਚੰਡੀਗੜ੍ਹ, 27 ਮਈ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚ ਕੋਵਿਡ ਦੀਆਂ ਬੰਦਿਸ਼ਾਂ ’ਚ 10 ਜੂਨ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ ਅਤੇ ਪਾਜੇਟਿਵਿਟੀ ਦਰ ਵਿਚ ਗਿਰਾਵਟ ਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਨਿੱਜੀ ਵਾਹਨਾਂ ਵਿਚ ਸਵਾਰੀਆਂ ਦੀ ਗਿਣਤੀ ਦੀ ਸੀਮਾ ਹਟਾਉਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਨਾਲ-ਨਾਲ ਸੂਬੇ ਦੇ ਸਾਰੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਮੁੜ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਇਹ ਜਿਕਰਯੋਗ ਹੈ ਕਿ ਗੰਭੀਰ ਕੋਵਿਡ ਕੇਸਾਂ ਲਈ ਆਕਸੀਜਨ ਅਤੇ ਬੈੱਡਾਂ ਦੀ ਢੁਕਵੀਂ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ 12 ਅਪ੍ਰੈਲ ਨੂੰ ਚੋਣਵੀਆਂ ਸਰਜਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਨੇ ਹੁਣ ਇਨ੍ਹਾਂ ਅਪਰੇਸ਼ਨਾਂ ਨੂੰ ਹਸਪਤਾਲ ਵਿਚ ਐਲ-3 ਮਰੀਜਾਂ ਲਈ ਬੈੱਡਾਂ ਦੀ ਕਮੀ ਨਾ ਹੋਣ ਦੀ ਸ਼ਰਤ ਉਤੇ ਬਹਾਲ ਕਰਨ ਆਗਿਆ ਦਿੱਤੀ ਹੈ।
ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਨੇ 50 ਫੀਸਦੀ ਓ.ਪੀ.ਡੀ. ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ ਜੋ ਹੁਣ 100 ਫੀਸਦੀ ਹੋ ਜਾਣਗੀਆਂ।
ਕੋਵਿਡ ਰੋਕਾਂ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਮਾਹਿਰਾਂ ਦੀ ਸਲਾਹ ਦੇ ਮੁਤਾਬਕ ਬੰਦਿਸ਼ਾਂ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਕਿ ਨਿੱਜੀ ਕਾਰਾਂ ਅਤੇ ਦੋ-ਪਹੀਆ ਵਾਹਨਾਂ ਉਤੇ ਸਵਾਰੀਆਂ ਦੀ ਸੀਮਾ ਹਟਾਈ ਜਾ ਰਹੀ ਹੈ ਕਿਉਂ ਜੋ ਇਨ੍ਹਾਂ ਵਾਹਨਾਂ ਵਿਚ ਮੁੱਖ ਤੌਰ ਉਤੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ-ਮਿੱਤਰ ਹੀ ਸਵਾਰ ਹੁੰਦੇ ਹਨ ਪਰ ਸਵਾਰੀਆਂ ਢੋਹਣ ਵਾਲੇ ਕਮਰਸ਼ੀਅਲ ਵਾਹਨਾਂ ਅਤੇ ਟੈਕਸੀਆਂ ਉਤੇ ਸੀਮਾ ਪਹਿਲਾਂ ਵਾਂਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਥਾਨਕ ਹਾਲਤਾਂ ਦੀ ਤਰਜੀਹ ਦੇ ਮੁਤਾਬਕ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਵਿਚ ਕਿਸੇ ਵੀ ਤਰ੍ਹਾਂ ਦੀ ਰੱਦੋ-ਬਦਲ ਕਰਨ ਲਈ ਡਿਪਟੀ ਕਮਿਸ਼ਨਰ ਹੀ ਅਧਿਕਾਰਤ ਰਹਿਣਗੇ।
ਮੁੱਖ ਮੰਤਰੀ ਨੇ ਇਸ ਗੱਲ ਉਤੇ ਜੋਰ ਦਿੱਤਾ ਕਿ ਹਾਲਤ ਕੁਝ ਸੁਖਾਵੇਂ ਹੋਣ ਦੇ ਬਾਵਜੂਦ ਸੂਬਾ ਕਿਸੇ ਤਰ੍ਹਾਂ ਢਿੱਲ ਵਰਤਣ ਦੀ ਸਥਿਤੀ ਵਿਚ ਨਹੀਂ ਹੈ। ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਕੋਵਿਡ ਸਿਹਤ ਸੰਭਾਲ ਨਾਲ ਸਬੰਧਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਨੂੰ ਮਜ਼ਬੂਤ ਕੀਤੇ ਜਾਣਾ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਕਿ ਮਹਾਮਾਰੀ ਦੀ ਸੰਭਾਵੀ ਤੀਜੀ ਲਹਿਰ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਦੀਆਂ ਸਹੂਲਤਾਂ ਵਧਾਉਣ ਦੇ ਨਾਲ-ਨਾਲ ਭਾਰਤ ਸਰਕਾਰ ਪਾਸੋਂ ਬੱਚਿਆਂ ਲਈ ਵਰਤੋਂ ਵਿਚ ਆਉਂਦੇ 500 ਪੈਡੀਐਟਰਿਕ ਵੈਂਟੀਲੇਟਰਾਂ ਦੀ ਮੰਗ ਕਰਨ ਲਈ ਆਖਿਆ। ਮੀਟਿੰਗ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਤਹਿਤ ਹਾਸਲ ਹੋਏ 809 ਵੈਂਟੀਲੇਟਰ ਵੰਡ ਦਿੱਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ 136 ਕੰਮ ਨਹੀਂ ਕਰ ਰਹੇ।
ਮੁੱਖ ਮੰਤਰੀ ਨੇ ਸੰਭਾਵੀ ਤੀਜੀ ਲਹਿਰ ਦੀ ਮੰਗ ਦੀ ਪੂਰਤੀ ਕਰਨ ਲਈ ਤਕਨੀਕੀ ਅਤੇ ਸਪੈਸ਼ਲਿਸਟਾਂ ਦੀਆਂ ਹੋਰ ਅਸਾਮੀਆਂ ਸਿਰਜਣ ਦੇ ਵੀ ਨਿਰਦੇਸ਼ ਦਿੱਤੇ। ਡਾ. ਰਾਜ ਬਹਾਦਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਲਗਪਗ ਮੁਕੰਮਲ ਹੈ ਜਦਕਿ ਆਰਜੀ ਹਸਪਤਾਲਾਂ ਲਈ ਸਾਜੋ-ਸ਼ਾਮਾਨ ਖਰੀਦਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਆਈ.ਏ.ਐਸ./ਪੀ.ਸੀ.ਐਸ. ਦੇ ਮੌਜੂਦਾ ਅਹੁਦੇ ਦੇ ਕਾਰਜਕਾਲ ਦੇ ਅੱਧ-ਵਿਚਾਲਿਓਂ ਤਬਾਦਲੇ ਕੋਵਿਡ ਸੰਕਟ ਜਾਰੀ ਰਹਿਣ ਤੱਕ ਰੋਕ ਲੈਣੇ ਚਾਹੀਦੇ ਹਨ।
ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੱਧ ਪੈਸੇ ਵਸੂਲਣ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਕੋਵਿਡ ਦੇ ਸੰਕਟਕਾਲੀਨ ਸਮੇਂ ਵਿਚ ਮੁਨਾਫਾਖੋਰੀ ਕਰਨ ਅਤੇ ਮਰੀਜਾਂ ਨੂੰ ਲੁੱਟਣ ਦੀ ਕਿਸੇ ਵੀ ਕੀਮਤ ਉਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਹਸਪਤਾਲਾਂ ਵੱਲੋਂ ਆਪਣੇ ਪ੍ਰਵੇਸ਼ ਉਤੇ ਇਲਾਜ ਦੀਆਂ ਕੀਮਤਾਂ ਨੂੰ ਦਰਸਾਉਂਦੇ 11×5 ਦੇ ਆਕਾਰ ਦੇ ਬੋਰਡ ਲਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਉੱਘੇ ਸਿਹਤ ਮਾਹਿਰਾਂ ਅਤੇ ਸਿਖਰਲੇ ਅਧਿਕਾਰੀਆਂ ਦੇ ਨਾਲ-ਨਾਲ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦਾ ਜਾਇਜਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਘਰੇਲੂ ਏਕਾਂਤਵਾਸ ਵਿਚ ਵੱਧ ਜੋਖਮ ਵਾਲੇ ਵਿਅਕਤੀਆਂ ਅਤੇ ਗਰਭਵਤੀ ਮਹਿਲਾਵਾਂ ਦੀ ਨਿਗਾਰਨੀ ਵਿਸ਼ੇਸ਼ ਟੀਮਾਂ ਰਾਹੀਂ ਨੇੜਿਓਂ ਜਾਰੀ ਰੱਖਣ ਦੇ ਵੀ ਹੁਕਮ ਦਿੱਤੇ ਹਨ।
ਸੂਬੇ ਵਿਚ ਆਕਸੀਜਨ ਦੀ ਸਥਿਤੀ ਸੁਖਾਵੀਂ ਹੋਣ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜ਼ਰੂਰੀ ਗੈਰ-ਮੈਡੀਕਲ ਮੰਤਵਾਂ ਲਈ ਵੀ ਹੁਣ ਆਕਸੀਜਨ ਵਰਤਣ ਦੀ ਇਜਾਜ਼ਤ ਹੋਵੇਗੀ, ਹਾਲਾਂਕਿ ਮੈਡੀਕਲ ਆਕਸੀਜਨ ਦੇ ਤਿੰਨ ਦਿਨਾ ਬੱਫਰ ਸਟਾਕ ਨੂੰ ਹਰ ਸਮੇਂ ਬਰਕਰਾਰ ਰੱਖਣਾ ਹੋਵੇਗਾ। ਉਨ੍ਹਾਂ ਨੇ ਸੰਤੁਸ਼ਟੀ ਨਾਲ ਇਸ ਗੱਲ ਦਾ ਜਿਕਰ ਕੀਤਾ ਕੋਵਿਡ ਹੋਣ ਤੋਂ ਬਾਅਦ ਦੇ ਮਰੀਜਾਂ ਦੀ ਸਿਹਤ ਸੰਭਾਲ ਲਈ ਡਾਕਟਰ ਦੇ ਕਹਿਣ ਉਤੇ ਮੁਹੱਈਆ ਕਰਵਾਉਣ ਲਈ ਹੁਣ ਹਰੇਕ ਜਿਲ੍ਹੇ ਵਿਚ ਆਕਸਜੀਨ ਕੰਨਸੈਂਟਰੇਟਰ ਬੈਂਕਾਂ ਮੌਜੂਦਾ ਹਨ। ਉਨ੍ਹਾਂ ਕਿਹਾ ਕਿ ਕੰਟੋਰਲ ਰੂਮ ਨੇ ਇਹ ਯਕੀਨੀ ਬਣਾਇਆ ਕਿ ਕਿਸੇ ਵੀ ਹਸਪਤਾਲ ਵਿਚ ਆਕਸਜੀਨ ਦੀ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਵਿਚ ਆਕਸੀਜਨ ਦੀ ਮੰਗ 304 ਮੀਟਰਕ ਟਨ ਤੋਂ ਘਟ ਕੇ 236 ਮੀਟਰਕ ਟਨ ਉਤੇ ਆ ਗਈ ਹੈ।
ਇਸ ਮੌਕੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਆਕਸਜੀਨ ਦੀ ਉਪਲੱਬਧਤਾ ਦੇ ਸੰਦਰਭ ਵਿਚ ਸਥਿਤੀ ਬਾਰੇ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਤਾਲਮੇਲ ਸਦਕਾ ਬਰਨਾਲਾ ਕੋਵਿਡ ਸੈਂਟਰ ਵਿਖੇ ਨਾਈਟ੍ਰੋਜਨ ਕਨਵਰਸ਼ਨ ਪਲਾਂਟ 93 ਫੀਸਦੀ ਸ਼ੁੱਧਤਾ ਨਾਲ ਕਾਰਜਸ਼ੀਲ ਹੋ ਚੁੱਕਾ ਹੈ।
ਮੁੱਖ ਮੰਤਰੀ ਨੇ ’ਕਰੋਨਾ ਮੁਕਤ ਪੇਂਡੂ ਅਭਿਆਨ’ ਦੇ ਤਹਿਤ ਪੇਂਡੂ ਇਲਾਕਿਆਂ ਵਿਚ ਟੈਸਟਿੰਗ ਅਤੇ ਸੈਂਪਲਿੰਗ ਹੋਰ ਵਧਾਉਣ ਦੇ ਵੀ ਹੁਕਮ ਦਿੱਤੇ ਤਾਂ ਕਿ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਛੇਤੀ ਸ਼ਨਾਖ਼ਤ ਕਰਕੇ ਇਲਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਸੰਤੁਸ਼ਟੀ ਜਾਹਰ ਕੀਤੀ ਕਿ ਇਨ੍ਹਾਂ ਇਲਾਕਿਆਂ ਵਿਚ ਲਗਪਗ 1.4 ਕਰੋੜ ਵਿਅਕਤੀਆਂ (37 ਲੱਖ ਘਰਾਂ) ਦੀ ਜਾਂਚ ਕੀਤੀ ਜਾ ਚੁੱਕੀ ਹੈ।
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਹਾਲਾਤ ਇਸ ਕਰਕੇ ਖਰਾਬ ਹੋਈ ਕਿਉਂਕਿ ਲੋਕ ਹਸਪਤਾਲ ਦੇਰੀ ਨਾਲ ਜਾ ਰਹੇ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਵਿਚ ਪੇਜਾਟਿਵਿਟੀ ਦਰ 4 ਫੀਸਦੀ ਹੈ ਅਤੇ ਲੋਕ ਟੈਸਟਿੰਗ ਕਰਵਾਉਣ ਤੋਂ ਝਿਜਕ ਰਹੇ ਹਨ ਅਤੇ ਗੰਭੀਰ ਲੱਛਣ ਆਉਣ ਉਤੇ ਹੀ ਸਾਹਮਣੇ ਆ ਰਹੇ ਹਨ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੇਂਡੂ ਇਲਾਕਿਆਂ ਜਿੱਥੇ ਕੋਵਿਡ ਤੇਜੀ ਨਾਲ ਫੈਲ ਰਿਹਾ ਹੈ, ਵਿਚ ਬੰਦਿਸ਼ਾਂ ਖਾਸ ਕਰਕੇ ਇਕੱਠਾਂ ਦੌਰਾਨ ਇਨ੍ਹਾਂ ਰੋਕਾਂ ਨੂੰ ਠੋਸ ਢੰਗ ਨਾਲ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਕੋਵਿਡ ਪ੍ਰਭਾਵਿਤ ਪਰਿਵਾਰਾਂ ਲਈ ਭੋਜਨ ਹੈਲਪਲਾਈਨ ਸ਼ੁਰੂ ਕਰਨ ਦੇ ਸਮੇਂ ਤੋਂ ਲੈ ਕੇ ਪਿਛਲੇ ਦੋ ਹਫਤਿਆਂ ਵਿਚ ਪੱਕੇ ਹੋਏ ਭੋਜਨ ਦੇ 6400 ਪੈਕਟ ਵੰਡੇ ਜਾ ਚੁੱਕੇ ਹਨ।