ਚੰਡੀਗੜ੍ਹ, 13 ਜਨਵਰੀ, 2022,( ਸ਼ਿਵ ਨਰਾਇਣ ਜਾਗੜਾ)-ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਸ਼੍ਰੀ ਰਾਜਿੰਦਰ ਚੌਧਰੀ ਨੇ ਅੱਜ ਪੀਆਈਬੀ ਚੰਡੀਗੜ੍ਹ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ (ਰੀਜਨਲ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਖੇਤਰ ਦੇ ਲਈ ਐਡੀਸ਼ਨਲ ਪ੍ਰੈੱਸ ਰਜਿਸਟ੍ਰਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣਗੇ। ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਚੰਡੀਗੜ੍ਹ) ਰਾਜਾਂ ਲਈ ਮੀਡੀਆ ਪ੍ਰਬੰਧਨ ਦੀ ਦੇਖਭਾਲ ਕਰਨਗੇ। ਇਸ ਦੇ ਨਾਲ, ਉਹ ਪੀਆਈਬੀ ਸ੍ਰੀਨਗਰ ਦਾ ਐਡੀਸ਼ਨਲ ਚਾਰਜ ਵੀ ਸੰਭਾਲਣਗੇ ਅਤੇ ਜੰਮੂ-ਕਸ਼ਮੀਰ ਰਾਜ ਦੇ ਲਈ ਮੀਡੀਆ ਤਾਲਮੇਲ ਦੇ ਕੰਮ ਨੂੰ ਦੇਖਣਗੇ।
ਸ਼੍ਰੀ ਚੌਧਰੀ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਵੱਖ-ਵੱਖ ਮੀਡੀਆ ਇਕਾਈਆਂ ਰਾਹੀਂ ਸਰਕਾਰੀ ਪ੍ਰਚਾਰ ਅਤੇ ਮੀਡੀਆ ਨਾਲ ਤਾਲਮੇਲ ਦਾ ਕੰਮ ਸੰਭਾਲਣ ਦਾ ਦੋ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਉਹ ਮਲਟੀ-ਮੀਡੀਆ ਪ੍ਰਚਾਰ ਅਭਿਯਾਨ ‘ਜਾਗੋ ਗ੍ਰਾਹਕ ਜਾਗੋ’ ਦੀ ਸ਼ੁਰੂਆਤ ਦੇ ਨਾਲ ਨੇੜਿਓਂ ਜੁੜੇ ਹੋਏ ਸਨ ਅਤੇ ਇਹ ਅਭਿਯਾਨ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਪ੍ਰਭਾਵਸ਼ਾਲੀ ਨਾਮ ਬਣ ਗਿਆ ਸੀ। ਪੱਤਰ ਸੂਚਨਾ ਦਫਤਰ ਦੇ ਡਾਇਰੈਕਟਰ ਦੇ ਤੌਰ ‘ਤੇ, ਉਨ੍ਹਾਂ ਨੇ ਵਣਜ ਮੰਤਰਾਲੇ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ, ਭਾਰਤ ਪ੍ਰਤੀਯੋਗਤਾ ਕਮਿਸ਼ਨ ਦੇ ਅਧਿਕਾਰਤ ਬੁਲਾਰੇ ਵਜੋਂ ਕੰਮ ਕੀਤਾ ਹੈ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਮੀਡੀਆ ਸੈਂਟਰ ਦੇ ਨਿਰਮਾਣ ਦੀ ਵੀ ਬਾਰੀਕੀ ਨਾਲ ਨਿਗਰਾਨੀ ਕੀਤੀ, ਜੋ ਹੁਣ ਕੇਂਦਰ ਸਰਕਾਰ ਲਈ ਪ੍ਰੈਸ ਕਾਨਫਰੰਸ ਆਯੋਜਿਤ ਕਰਨ ਲਈ ਨੋਡਲ ਸਥਾਨ ਬਣ ਗਿਆ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਡੀਡੀ ਨਿਊਜ਼, ਨਵੀਂ ਦਿੱਲੀ ਅਤੇ ਆਰਐੱਨਯੂ, ਭੋਪਾਲ ਵਿੱਚ ਸੰਪਾਦਕ ਵਜੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ।