ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ ) ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਪਟਿਆਲਾ ਦੀ ਅਹਿਮ ਮੀਟਿੰਗ ਨਹਿਰੂ ਪਾਰਕ ਵਿਖੇ ਸੁਰਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਵ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ 16 ਫਰਵਰੀ ਨੂੰ ਅਜ਼ਾਦੀ ਤੋਂ ਪਹਿਲਾਂ ਦੇ ਕਿਸਾਨ ਨੇਤਾ ਸ੍ਰ. ਛੋਟੂ ਰਾਮ ਦਾ ਜਨਮ ਦਿਹਾੜਾ ਹੈ ਧਰੇੜੀ ਜੱਟਾਂ ਟੋਲ ਪਲਾਜਾ ਤੇ 11:00 ਵਜੇ ਮਨਾਇਆ ਜਾਵੇਗਾ। ਇਸ ਦੇ ਨਾਲ ਹੀ 18 ਫਰਵਰੀ ਨੂੰ ਪੂਰੇ ਦੇਸ਼ ਵਾਂਗ ਪਟਿਆਲਾ ਵਿਖੇ ਰੇਲਵੇ ਸਟੇਸ਼ਨ ਤੇ 12:00 ਵਜੇ ਤੋਂ ਸ਼ਾਮ 4:00 ਵਜੇ ਤੱਕ ਰੇਲਾਂ ਰੋਕਣ ਦਾ ਫੈਸਲਾ ਵੀ ਕੀਤਾ ਗਿਆ। ਸਮੂੰਹ ਹਾਜ਼ਰ ਆਗੂਆਂ ਨੇ ਪਟਿਆਲਾ ਦੇ ਪਿੰਡਾਂ ਅਤੇ ਸ਼ਹਿਰੀ ਲੋਕਾਂ ਨੂੰ ਪਰਿਵਾਰਾਂ ਸਮੇਤ ਇਹਨਾਂ ਐਕਸ਼ਨਾਂ ਵਿੱਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਅਤੇ 26 ਜਨਵਰੀ ਨੂੰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰਦਿਆਂ ਉਹਨਾਂ ਤੇ ਪਾਏ ਝੂਠੇ ਕੇਸ ਵਾਪਸ ਕੀਤੇ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਮੂੰਹ ਲੀਡਰਸ਼ਿਪ ਵੱਲੋਂ ਕਿਸਾਨੀ ਸੰਘਰਸ਼ ਵਿੱਚ ਭਵਿੱਖ ਲਈ ਹੋਰ ਤਨਦੇਹੀ ਨਾਲ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਆਪਣਾ ਅਹਿਦ ਦੁਹਰਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਪੂਨੀਆ, ਗੁਰਮੀਤ ਸਿੰਘ ਦਿੱਤੂਪੁਰ, ਰਾਜ ਕਿਸ਼ਨ ਨੂਰਖੇੜੀ, ਰਮੇਸ਼ ਆਜ਼ਾਦ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ ਰੁੜਕੀ ਆਗੂ ਸ਼ਾਮਲ ਹੋਏ। ਸਮੂੰਹ ਹਾਜ਼ਰ ਜਥੇਬੰਦੀਆਂ ਦੀ ਜਿਲ੍ਹਾ ਲੀਡਰਸ਼ਿਪ ਦੀ ਵੀ ਸ਼ਮੂਲੀਅਤ ਹੋਈ।