ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ):ਪੰਜਾਬ ਦੇ ਸਰਕਾਰੀ ਸਕੂਲਾਂ ‘ਚ 7 ਤੇ 8 ਜਨਵਰੀ ਨੂੰ ਕਰਵਾਈਆਂ ਜਾ ਰਹੀਆਂ ਅਧਿਆਪਕ-ਮਾਪੇ ਮਿਲਣੀਆਂ ਲਈ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਵੱਲੋਂ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹੇ ਦੇ 13 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨਾਲ ਮਾਪੇ-ਅਧਿਆਪਕ ਮਿਲਣੀਆਂ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਮਿਲਣੀਆਂ ਦੌਰਾਨ ਸਕੂਲਾਂ ਦਾ ਦੌਰ ਕਰਨ ਸਬੰਧੀ ਆਦੇਸ਼ ਜਾਰੀ ਕੀਤੇ। ਦੂਸਰੀ ਮੀਟਿੰਗ ‘ਚ ਉਨ੍ਹਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਟੀਮਾਂ ਨਾਲ ਬੈਠਕ ਕੀਤੀ। ਜਿਸ ਦੌਰਾਨ ਸਕੂਲ ਨੂੰ ਮਾਪੇ ਅਧਿਆਪਕ ਮਿਲਣੀਆਂ ਦੌਰਾਨ ਸਜਾਉਣ ਹਿੱਤ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਦੇ ਨਾਲ ਹੀ ਕਰੋਨਾ ਸੰਕਟ ਦੌਰਾਨ ਆਨਲਾਈਨ ਸਿੱਖਿਆ ‘ਚ ਸਹਿਯੋਗ ਦੇਣ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਚਰਚਾ ਕੀਤੀ ਗਈ।
ਡੀ.ਈ.ਓ. (ਐਲੀ.) ਨੇ ਇਸ ਮੌਕੇ ਵਿਭਾਗ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਖੂਬਸੂਰਤ ਪੁਸਤਕਾਂ ਅਤੇ ਹੋਰ ਸਮੱਗਰੀ ਦੀਆਂ ਪ੍ਰਦਰਸ਼ਨੀਆਂ ਲਗਾਉਣ ਸਬੰਧੀ ਦੱਸਿਆ ਗਿਆ। ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਿਲਣੀਆਂ ਦਾ ਮਨੋਰਥ ਮਿਸ਼ਨ ਸ਼ਤ ਪ੍ਰਤੀਸ਼ਤ ਅਤੇ ਦਸੰਬਰ ਮਹੀਨੇ ‘ਚ ਲਏ ਗਏ ਆਫ਼ਲਾਈਨ ਇਮਤਿਹਾਨ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਉਸਾਰੇ ਗਏ ਨਵੇਂ ਕਲਾਸ ਰੂਮਜ਼ ਅਤੇ ਵਿਭਾਗ ਵੱਲੋਂ ਪ੍ਰਦਾਨ ਕੀਤੀ ਗਈ ਸਮੱਗਰੀ ਵੀ ਮਾਪਿਆਂ ਨੂੰ ਦਿਖਾਈ ਜਾਵੇਗੀ। ਇਨ੍ਹਾਂ ਮੀਟਿੰਗਾਂ ‘ਚ ਉਪ ਜ਼ਿਲ੍ਹਾ ਸਿੱਖਿਆ ਅਪਰ (ਐਲੀ.) ਮਨਵਿੰਦਰ ਕੌਰ, ਜ਼ਿਲ੍ਹਾ ਮੈਂਟਰ ਪੜ੍ਹੋ ਪੰਜਾਬ ਰਾਜਵੰਤ ਸਿੰਘ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੀ ਹਾਜ਼ਰ ਸਨ।
ਤਸਵੀਰ:- ਡੀ.ਈ.ਓ. (ਐਲੀ.) ਇੰਜੀ. ਅਮਰਜੀਤ ਸਿੰਘ ਮਾਪੇ-ਅਧਿਆਪਕ ਮਿਲਣੀ ਸਬੰਧੀ ਬੈਠਕ ‘ਚ ਹਿੱਸਾ ਲੈਂਦੇ ਹੋਏ।

